Monday, September 19, 2011

Guru Nanak in Himalaya

ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਹਿਮਾਲੇ ਯਾਤਰਾ ਕਰਦੇ ਹੋਏ ਰਿਸ਼ੀ ਕਾਗ ਭੂਸ਼ੁੰਡ ਨੂ ਵੀ ਮਿਲੇ ਸੀ, ਤੇ ਇਸ ਰਿਸ਼ੀ ਦਾ ਸਥਾਨ ਵੀ ਹੇਮਕੁੰਟ ਸਾਹਿਬ ਜੀ ਦੇ ਕੋਲ ਹੀ ਹੈ, ਇਥੇ ਇਕ ਪਵਿਤਰ ਸਰੋਵਰ ਹੈ ਜਿਸ ਨੂ ਕਾਗ ਭੂਸ਼ੁੰਡ ਤਾਲ ਕਿਹਾ ਜਾਂਦਾ ਹੈ, ਵੇਖੋ ਬ੍ਲਾਗ http://gurunanakathemkunt.blogspot.com/
--------------------------------------------------------------------
ਕਬਿ ਕਲ ਸੁਜਸ ਗਾਵਹੁ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ !! ਅੰਗ ੧੩੮੯
ਜਿਵੇਂ ਗੁਰੂ ਸਾਹਿਬ ਜੀ ਦੀ ਸਤੁਤੀ ਕਰਦਿਆਂ ਭੱਟ ਕਵੀ ਕਲ ਨੇ ਕਿਹਾ ਹੈ ਕਿ ਹਿੰਦੁਸਤਾਨ ਦੇ ਲੋਕੀ ਉਸਨੁ ਗੁਰੂ ਨਾਨਕ ਕਹਿੰਦੇ ਨੇ,ਤਿੱਬਤੀ ਉਸ ਨੂ 'ਲਾਮਾ' ਕਹਿੰਦੇ ਨੇ, ਉਸਦੇ ਮਨਣ ਵਾਲੇ ਦੂਜੇ ਮੁਲਕਾਂ ਦੇ ਵਾਸੀ ਉਸਨੁ ਪਿਆਰ ਅਤੇ ਸਤਿਕਾਰ ਦਿੰਦੇ ਹੋਏ ਆਪਣਾ ਸੰਤ ਯਾਪੀਰ ਕਹਿੰਦੇ ਨੇ ਪਰ ਸਭ ਨੇ ਹੀ ਗੁਰੂ ਨਾਨਕ ਨੂ ਆਪਣੇ ਪੀਰਾਂ ਯਾ ਪੈਗ੍ਮ੍ਬਰਾਂ ਯਾ ਸੰਤਾ ਦੇ ਤੁੱਲ ਜਾਣਿਆ ਹੈ ! ਇਸੇ ਵਾਸਤੇ ਸ੍ਰੀ ਲੰਕਾ ਵਿਚ ਓਹ'ਨਾਨਕਬੁਧ' ਹੈ, ਨਾਨਕ ਪੀਰ ਹੈ, ਪੀਰ ਬਾਬਾ ਨਾਨਕ ਹੈ, ਯਾ ਫਿਰ 'ਬਾਲ ਗੁੰਦਰੀ' ਵੀ ਹੈ ਯਾ ਕਿਤੇ ਓਹ 'ਪੀਰ--ਹਿੰਦ ਹੈ' , ਅਤੇ ਜਿਸ ਨੂਅਰਬ ਮੁਲਕਾਂ ਵਿਚ ਹਜਰਤ--ਮਜੀਦ ਬਾਬਾ ਨਾਨਕ ਫ਼ਕ਼ੀਰ ਔਲੀਆ ਵੀ ਕਿਹਾ ਜਾਂਦਾ ਹੈ !
ਰੂਸੀ ਅਤੇ ਅਫਗਾਨੀ ਇਲਾਕਿਆਂ ਵਿਚ ਉਸ ਨੂ ਸਤਿਕਾਰ ਨਾਲ 'ਵਲੀ ਹਿੰਦ ਬਾਬਾ ਨਾਨਕ' ਕਹਿੰਦੇ ਨੇ, ਚੀਨ, ਮੰਗੋਲੀਆ ਅਤੇ ਵਿਯਤਨਾਮ ਵਿਚ ਉਸਨੁ 'ਭੂਸਾ ਨਾਨਕ' ਕਿਹਾ ਜਾਂਦਾ ਹੈ, ਜਿਥੋਂ ਤਕ ਹਿਮਾਲਯ ਦੇ ਉੱਚੇ ਪਹਾੜਾਂ ਦੀ ਗਲ ਹੈ ਤਾਂ ਭੁਟਾਨ, ਨੇਪਾਲ, ਸਿਕਿਮ ਅਤੇ ਅਸਾਮ ਆਦਿਕ ਇਲਾਕਿਆਂ ਵਿਚ ਬੜੇ ਹੀ ਸਤਿਕਾਰ ਨਾਲ ਉਸਨੁ 'ਰਿਮ੍ਪੋਚੇ' ਯਾ 'ਰਿਮ੍ਪੋਜੀ' ਕਹਿ ਕੇ ਸਨਮਾਨਿਆ ਜਾਂਦਾ ਹੈ ! ਇਹ ਸਾਰੇ ਨਾਮ ਗੁਰੂ ਨਾਨਕ ਜੀ ਦੇ ਏਸਿਆ ਦੇ ਵਖਰੇ ਵਖਰੇ ਇਲਾਕਿਆਂ ਵਿਚ ਉਸਨੁ ਗੁਰੂ ਯਾ ਰੱਬ ਦੇ ਰੂਪ ਵਿਚ ਜਾਣਦੇ ਹੋਏ ਅਲਗ ਅਲਗ ਨਾਮ ਦਿੱਤੇ ਗਏ ਨੇ ਪਰ ਗੁਰੂ ਨਾਨਕ ਤੇ ਇਕੋ ਹੀ ਹੈ ਜੋ ਇਹਨਾ ਸਭ ਇਲਾਕਿਆਂ ਵਿਚ ਗਿਆ ਅਤੇ ਲੋਕਾਂ ਨੂ ਇਕ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ ਅਤੇ ਸੱਚੇ ਨਾਮ ਦਾ ਉਪਦੇਸ ਦਿੱਤਾ !
By:- Col. D S Grewal (Retd).



ਮੈਂ ੧੯੮੬-੮੭ ਵਿਚ ਫੌਜ਼ ਵਿਚ ਮੇਜਰ ਸੀ ਅਤੇ ਮੇਰੀ ਪੋਸਟਿੰਗ ਅਰੁਣਾਚਲ ਪ੍ਰਦੇਸ਼ (ਭਾਰਤ) ਦੇ ਉੱਤਰੀ-ਪਛਮੀ ਇਲਾਕੇ ਦੇ ਪਛਮੀ ਸਿਆੰਗ ਜ਼ਿਲੇ ਦੇ ਇਕ ਪਿੰਡ 'ਸੇਗਾੰਗ-ਮੇਨ੍ਚੁਕਾ' ਵਿਚ ਹੋਈ ਸੀ ! ਇਕ ਰਾਤੀ, ਬੂਹੇ ਦੇ ਲਗਾਤਾਰ ਖੜਕਾਓਣ ਅਤੇ ਜੋਰ ਜੋਰ ਦੀ ਅਵਾਜਾਂ ਨਾਲ ਮੇਰੀ ਨੀਂਦ ਖੁਲ ਗਈ ! ਮੈਂ ਸੋਚਿਆ ਕਿ ਐਸ ਵੇਲੇ ਕੌਣ ਹੋ ਸਕਦਾ ਹੈ ? ਇਹ ਖਿਆਲ ਕਰਦਿਆਂ ਮੈਂ ਬੂਹਾ ਖੋਲਿਆ ਤੇ ਵੇਖਿਆ ਕਿ ਪਿੰਡ ਦਾ ਆਗੂ (ਪਰਧਾਨ), ਜਿਸ ਨੂ ਓਥੇ 'ਪਿੰਡ ਦਾ ਬੁੜ੍ਹਾ' ਕਹਿੰਦੇ ਸੀ, ਓਹ ਖਲੋਤਾ ਸੀ ! ਓਹ ਬੜੀ ਹੀ ਘਬਰਾਈ ਹਾਲਤ ਵਿਚ ਸੀ ਅਤੇ ਉਸ ਨੇ ਮੈਨੂ ਦਸਿਆ ਕਿ ਉਸਦਾ ਮੁੰਡਾ ਢਿਡ ਦੀ ਪੀੜ੍ਹ ਨਾਲ ਮਰਣ ਦੀ ਹਾਲਤ ਵਿਚ ਸੀ ਅਤੇ ਚਾਹੁੰਦਾ ਸੀ ਕਿ ਮੈਂ, ਉਸਦੀ ਮਦਦ ਵਾਸਤੇ ਕੋਈ ਡਾਕਟਰ ਭੇਜ ਦੇਵਾਂ ! ਮੈਂ ਸੋਚਿਆ ਕਿ ਇਸ ਤੋ ਪਹਿਲਾਂ ਮੈਂ ਡਾਕਟਰ ਨੂ ਫੋਨ ਕਰਾਂ ਜੋ ਥੋੜੀ ਦੂਰ ਸੀ ਅਤੇ ਰਸਤਾ ਵੀ ਔਖਾ ਸੀ, ਕਿਓਂ ਨਾ ਪਹਿਲਾਂ ਖੁਦ ਹੀ ਉਸ ਮੁੰਡੇ ਨੇ ਵੇਖ ਆਵਾਂ, ਇਹ ਸੋਚ ਕੇ ਮੈਂ ਓਸ ਪਿੰਡ ਦੇ ਬੁੜੇ ਨਾਲ ਟੂਰ ਪਿਆ !

ਓਹ ਮੈਨੂ ਆਪਣੀ ਲੱਕੜ ਦੀ ਬਣੀ ਝੋਪੜੀ ਵਿਚ ਲੈ ਗਿਆ ਜੋ ਕਿ ਦੋ ਹਿੱਸਿਆਂ ਵਿਚ ਵੰਡੀ ਹੋਈ ਸੀ, ਮੂਹਰਲਾ ਹਿੱਸਾ ਰਸੋਈ ਬਣਾਓਣ ਲਈ ਵਰਤਿਆ ਜਾਂਦਾ ਸੀ ਅਤੇ ਪਿਛਲਾ ਹਿੱਸਾ ਸੌਣ ਵਾਲਾ ਸੀ ਜਿਥੇ ਇਕ ਜਵਾਨ ਮੁੰਡਾ ਬਰਦਾਸ਼ਤ ਤੋ ਬਾਹਰ ਹੁੰਦੀ ਪੀੜ ਸਦਕਾ ਚੀਖ ਰਿਹਾ ਸੀ ! ਸਾਵਧਾਨੀ ਵਰਤਦਿਆਂ ਮੈਂ ਆਪਣੇ ਨਾਲ ਕੁਝ ਪੀੜ ਰੋਕਣ ਵਾਲੇ ਅਤੇ ਛੇਤੀ ਹਾਜਮੇ ਵਾਲੀ ਗੋਲੀਆਂ ਆਪਣੇ ਨਾਲ ਲੈ ਗਿਆ ਸੀ ਜੋ ਮੈਂ ਉਸ ਬੀਮਾਰ ਮੁੰਡੇ ਨੂ ਦਿੱਤੀਆਂ ! ਇਕ ਲਾਮਾ ਜੋ ਲਾਗੇ ਖਲੋਤਾ ਸੀ, ਉਸਨੇ ਮੁੰਡੇ ਨੂ ਦਵਾਈਆਂ ਨਾ ਲੈਣ ਲਈ ਕਿਹਾ ! ਮੈਂ ਬਹੁਤ ਹੈਰਾਨ ਹੋਇਆ ਪਰ ਮੈਂ ਜਿਆਦਾ ਕੁਝ ਨਹੀ ਸੀ ਕਰ ਸਕਦਾ ਕਿਓਂਕਿ ਇਸ ਇਲਾਕੇ ਦੇ ਅੰਧ-ਵਿਸ਼ਵਾਸੀ ਮਨੁਖ ਇਹਨਾ ਲਾਮਿਆਂ ਨੂ ਬੜੀ ਸ਼ਰਧਾ ਅਤੇ ਸਨਮਾਨ ਦਿੰਦੇ ਨੇ !
ਜਿਵੇਂ-ਕਿਵੇਂ ਕਰਕੇ ਥੋੜੀ ਦੇਰ ਬਾਦ ਹੀ ਲਾਗੇ ਖਲੋਤੇ ਲਾਮਾ ਨੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਜੋ ਕਿ ਬੁਰੀ ਆਤਮਾਵਾਂ ਨੂ ਖੁਸ਼ ਕਰਨ ਲਈ ਸੀ! ਪਹਿਲਾਂ ਉਸਨੇ ਚੋਲ ਅਤੇ ਮਖਣ ਨਾਲ ਇਕ ਮੂਰਤ ਬਣਾਈ. ਕੁਝ ਧੁਪ ਬੱਤੀ ਧੂਖਾਈ ਅਤੇ ਇਕ ਨਿੱਕੀ ਜਿਹੀ ਘੰਟੀ ਨੂ ਵਜਾਓਂਦੇ ਹੋਇ ਆਪਣੀ ਅਰਦਾਸ ਪੜਨ ਲਗ ਗਿਆ ਅਤੇ ਵਿਚ -ਵਿਚ 'ਨਾਨਕ' 'ਨਾਨਕ' ਕਰੀ ਜਾਂਦਾ ਸੀ ! ਜਦੋਂ ਉਸਨੇ ਆਪਣੀ ਅਰਦਾਸ ਪੂਰਨ ਕੀਤੀ ਤਾ ਉਸ ਨੇ ਧੁਪਬੱਤੀ ਚੂਕ ਕੇ ਉਸ ਬੀਮਾਰ ਮੁੰਡੇ ਦੇ ਬਿਸਤਰੇ ਦੇ ਇਕ ਪਾਸੇ ਰਖ ਦਿੱਤੀ ਅਤੇ ਉਸ ਮੁੰਡੇ ਨੂ ਕਿਹਾ " ਓਮ ਮਣੀ ਪਦ੍ਮੇ ਹੂਮ’ ਅਤੇ ਫਿਰ ਉਸਨੇ ਮੁੰਡੇ ਨੂ ਦਵਾਈ ਲੈਣ ਲਈ ਕਿਹਾ ਜੋ ਮੈਂ ਉਸ ਬੀਮਾਰ ਮੁੰਡੇ ਨੂ ਦਿੱਤੀ ਸੀ !
ਮੇਰਾ ਸਾਰਾ ਧਿਆਨ ਲਾਮਾ ਦੀ ਬਣਾਈ ਓਸ ਮੂਰਤ ਵਿਚ ਸੀ ! ਮੈਂ ਉਸ ਲਾਮਾ ਨੂ ਪੁਛਿਆ ਕਿ ਓਹ ਮੂਰਤ ਕਿਸ ਦੀ ਹੈ ਜਿਸਦੀ ਓਹ ਪੂਜਾ ਕਰ ਰਿਹਾ ਸੀ ! ਲਾਮਾ ਨੇ ਸਹਿਜੇ ਹੀ ਜਵਾਬ ਦਿੱਤਾ, "ਨਾਨਕ ਲਾਮਾ" ! ਤੁਸੀਂ ਸਚ ਜਾਣੋ ਮੇਰੀ ਹਾਲਤ ਓਹ ਹੋ ਗਈ ਸੀ ਕਿ ਜਿਵੇਂ ਮੇਰੇ ਪੈਰ ਜਮੀਨ ਨਾਲ ਲਗ ਗਏ ਹੋਣ, ਮੈਂ ਕਦੀ ਸੋਚ ਵੀ ਨਹੀ ਸੀ ਸਕਦਾ ਕਿ ਪੰਜਾਬ ਤੋ ੨੦੦੦ ਕਿਲੋ ਮੀਟਰ ਦੂਰ ਕੋਈ ਗੁਰੂ ਨਾਨਕ ਬਾਰੇ ਜਾਣਦਾ ਵੀ ਹੋਵੇਗਾ ਜਾਂ ਉਸਦੀ ਮੂਰਤ ਬਣਾ ਕੇ ਪੂਜਾ ਵੀ ਕਰਦਾ ਹੋਵੇਗਾ ! ਮੈਂ ਉਸਨੁ ਹੋਰ ਜਾਣਕਾਰੀ ਲੈਣ ਲਈ ਪੁਛਿਆ ! ਉਸਨੇ ਮੈਨੂ ਦਸਿਆ ਕਿ " ਅਸੀਂ ਨਾਨਕ ਲਾਮਾ ਦੀ ਪੂਜਾ ਕਰਦੇ ਹਾਂ ਅਤੇ ਓਹਨਾ ਨੂ ਤਿੱਬਤੀ ਗੁਰੂ ਰਿਮਪੋਸ਼ੇ ਦੇ ਬਰਾਬਰ ਹੀ ਮਨਦੇ ਹਾਂ ! ਅਸੀਂ ਓਹਨਾ ਨੂ ਅਮ੍ਰਿਤਸਰ ਵਾਲੇ ਨਾਨਕ ਲਾਮਾ ਵੀ ਕਹਿੰਦੇ ਹਾਂ ! ਓਹਨਾ ਦੀ ਮੂਰਤ ਦੀ ਪੂਜਾ ਸਾਡੇ ਮੰਦਰ ਗੋਮ੍ਫਾ ਵਿਚ ਹੁੰਦੀ ਹੈ ਜੋ ਕਿ ਡੋਰਗੀਲਿੰਗ ਪਹਾੜੀ ਤੇ ਹੈ ! ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਜੀ ਇਸ ਇਲਾਕੇ ਵਿਚ ਆਏ ਸੀ ਅਤੇ ਓਹਨਾ ਨੇ ਪੇਮੋਸ਼ੁਬੂ ਵਿਚ ਨਾਮ ਸਿਮਰਨ ਕੀਤਾ ਸੀ ! ਅਸੀਂ ਜਿਥੇ ਖਲੋਤੇ ਸੀ, ਪੇਮੋਸ਼ੁਬੂ ਓਥੋਂ ਦੀ ੧੫ ਕਿਲੋ ਮੀਟਰ ਦੂਰ ਸੀ !
ਲਾਮਾ ਆਪਣੀ ਗਲ ਦਸਦੇ ਹੋਇ ਕਹਿਣ ਲਗਾ ਕਿ ਗੁਰੂ ਨਾਨਕ ਜੀ ਪੇਮੋਸ਼ੁਬੂ ਵਿਚ ਜਦੋਂ ਨਾਮ ਜੱਪ ਰਹੇ ਸੀ ਤਾ ਇਕ ਭਾਲੂ ਨੇ ਓਹਨਾ ਤੇ ਹਮਲਾ ਕਰ ਦਿੱਤਾ ਤਾਂ ਜਿਸ ਪਥਰ ਤੇ ਗੁਰੂ ਜੀ ਤੱਪ ਕਰ ਰਹੇ ਸੀ, ਉਸ ਪਥਰ ਨੇ ਪਾਣੀ ਵਿਚੋਂ ਉਪਰ ਉਠ ਕੇ ਓਹਨਾ ਨੂ ਜਿਵੇਂ ਆਪਣੀ ਗੋਦ ਵਿਚ ਲੈ ਲਿਆ ਅਤੇ ਭਾਲੂ ਗੁਰੂ ਜੀ ਨੂ ਕੋਈ ਨੁਕਸਾਨ ਨਾ ਪੁਚਾ ਸਕਿਆ ਅਤੇ ਵਾਪਸ ਪਰਤ ਗਿਆ ! ਅਜ ਵੀ ਗੁਰੂ ਨਾਨਕ ਦੇਵ ਜੀ ਦੇ ਸ਼ਰੀਰ ਦੇ ਨਿਸ਼ਾਨ ਓਸ ਪਥਰ ਤੇ ਬਣੇ ਹੋਏ ਨੇ ਅਤੇ ਅਸੀਂ ਹਰ ਸਾਲ ਮਾਰਚ ਦੇ ਮਹੀਨੇ ਦੇ ਆਖਰੀ ਹਫਤੇ ਵਿਚ ਓਥੇ ਜਾ ਕੇ ਗੁਰੂ ਜੀ ਦੀ ਪੂਜਾ ਕਰਦੇ ਹਾਂ ਕਿਓਂਕਿ ਕਿਹਾ ਜਾਂਦਾ ਕਿ ਇਹੋ ਓਹ ਮਹੀਨਾ ਹੈ ਜਦੋਂ ਗੁਰੂ ਨਾਨਕ ਜੀ ਇਥੇ ਆਏ ਸੀ ! ਇਕ ਜੋੜ ਮੇਲਾ ਓਹਨਾ ਦੀ ਯਾਦ ਵਿਚ ਹਰ ਸਾਲ ਇਥੇ ਮਨਾਇਆ ਜਾਂਦਾ ਹੈ !
ਓਸ ਚਿਕਣੇ ਪਥਰ ਦੇ ਬਹੁਤ ਹੀ ਨੇੜੇ ਇਕ ਗੁਫਾ ਸੀ ਜਿਸ ਵਿਚੋਂ ਲੰਘ ਕੇ ਗੁਰੂ ਨਾਨਕ ਦੇਵ ਜੀ ਪਾਣੀ ਦੀ ਨਿਕੀ ਜਿਹੀ ਧਾਰਾ 'ਬਾਮਚੁ' ਵਿਚ ਨਹਾਓਣ ਲਈ ਜਾਂਦੇ ਸੀ ! ਇਥੇ ਇਹ ਵੀ ਦਸਣ ਯੋਗ ਹੈ ਕਿ ਜਿਹੜੇ ਲੋਕਾਂ ਦਾ ਦਿਲ ਸਾਫ਼ ਹੈ ਅਤੇ ਮੈਲ ਤੋ ਬਿਨਾ ਹੈ - ਸਿਰਫ ਓਹ ਹੀ ਇਸ ਗੁਫਾ ਦੇ ਤੰਗ ਰਸਤੇ ਵਿਚੋਂ ਲੰਘ ਸਕਦੇ ਨੇ, ਦੂਜੇ ਭਾਂਵੇ ਜਿੰਨੇ ਮਰਜੀ ਦੁਬਲੇ—ਪਤਲੇ ਹੋਣ, ਇਸ ਗੁਫਾ ਦੇ ਰਸਤੇ ਵਿਚੋਂ ਨਹੀ ਲੰਘ ਸਕਦੇ !
ਲਾਮਾ ਜੀ ਨੇ ਆਪਣੀ ਗਲ ਤੋਰਦੇ ਹੋਏ ਦਸਣਾ ਜਾਰੀ ਰਖਿਆ, "ਕਿ ਜਿਥੇ ਗੁਰੂ ਜੀ ਇਸ ਛੋਟੀ ਜਿਹੀ ਨਦੀ ਵਿਚ ਸਨਾਨ ਕਰਦੇ ਸੀ ਹੁਣ ਓਹ ਇਕ ਛੋਟਾ ਤਲਾਅ ਜਾ ਛਪੜੀ ਬਣ ਚੁਕਿਆ ਹੈ ਜਿਸ ਵਿਚ ਚਿੱਟੇ ਅਤੇ ਕਾਲੇ- ਦੋਂਨੇ ਰੰਗ ਦੇ ਛੋਟੇ ਪਥਰ ਮਿਲਦੇ ਨੇ ਅਤੇ ਪਾਣੀ ਹਮੇਸ਼ਾ ਖਲੋਤਾ ਜਿਹਾ ਹੀ ਰਹਿੰਦਾ ਹੈ ! ਜਦੋਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰੀਏ ਜਾ ਸਾਡੇ ਮੰਨ ਵਿਚ ਇਹ ਸਵਾਲ ਹੋਵੇ ਕਿ ਸਾਡੀ ਮੰਗ ਪਰਵਾਨ ਹੋਵੇਗੀ ਕਿ ਨਹੀ ਤਾਂ ਅਸੀਂ ਆਪਣੀ ਅਖਾਂ ਬੰਦ ਕਰਕੇ, ਆਪਣੀ ਮੰਗ ਦੁਬਾਰਾ ਬੋਲਦੇ ਹਾਂ, ਗੁਰੂ ਨਾਨਕ ਜੀ ਅਗੇ ਬੇਨਤੀ ਕਰਦੇ ਹਾਂ ਅਤੇ ਇਸ ਛਪੜੀ ਜਾਂ ਤਲਾਅ ਵਿਚੋਂ ਇਕ ਪਥਰ ਚੁਕਦੇ ਹਾਂ ! ਜੇਕਰ ਪਥਰ ਚਿੱਟਾ ਨਿਕਲੇ ਤਾ ਸਾਨੂ ਭਰੋਸਾ ਹੋ ਜਾਂਦਾ ਹੈ ਕਿ ਸਾਡੀ ਮੰਗ ਜਰੂਰ ਪੂਰੀ ਹੋਵੇਗੀ ਪਰ ਜੇਕਰ ਕਾਲਾ ਪਥਰ ਨਿਕਲੇ ਤਾ ਮੰਗ ਪੂਰੀ ਨਹੀ ਹੋਵੇਗੀ ! ਉਸਨੇ ਇਹ ਵੀ ਦਸਿਆ ਕਿ ਜੇਕਰ ਪਥਰ ਤੇ ਦੋਵੇਂ ਚਿੱਟੇ ਅਤੇ ਕਾਲੇ ਰੰਗ ਦੇ ਨਿਸ਼ਾਨ ਬਣੇ ਹੋਣ ਤਾ ਅਸੀਂ ਸਮਝ ਜਾਂਦੇ ਹਾਂ ਕਿ ਸਾਡੀ ਮੰਗ ਥੋੜੀ ਬਹੁਤ ਹੀ ਪਰਵਾਨ ਹੋਵੇਗੀ, ਪੂਰੀ ਨਹੀ ! ਤੁਸੀਂ ਜਿੰਨੀ ਵਾਰੀ ਮਰਜੀ ਕੋਸ਼ਿਸ਼ ਕਰ ਲਵੋ ਪਰ ਹਰ ਵਾਰੀ ਪਥਰ ਦਾ ਰੰਗ ਉਹੋ ਹੀ ਨਿਕਲੇਗਾ ਜੋ ਪਹਿਲੀ ਵਾਰੀ ਨਿਕਲਿਆ ਸੀ !
ਮੈਂ ਇਹ ਗਲ ਸਚ ਕਹਿੰਦਾ ਹਾਂ ਕਿ ਮੇਰੇ ਮਨ ਵਿਚ ਬਸ ਇਹੋ ਹੀ ਗਲ ਚਲ ਰਹੀ ਸੀ ਕਿਵੇਂ ਲਾਮਾ ਜੀ ਨੂ ਮਨਾਇਆ ਜਾਵੇ ਕਿ ਓਹ ਮੈਨੂ ਓਸ ਸਥਾਨ ਤੇ ਲੈ ਚਲੇ ਤੇ ਜਿਥੇ ਮੈਂ ਵੀ ਗੁਰੂ ਕੋਲੋਂ ਕੁਝ ਮੰਗ ਸਕਾਂ ਅਤੇ ਓਸ ਸੁਭਾਗ ਭਰੇ ਸਥਾਨ ਦੇ ਦਰਸਨ ਕਰ ਸਕਾਂ ! ਲਾਮਾ ਮਨ ਗਿਆ ! ਅਗਲੇ ਦਿਨ ਤੜਕੇ ਅਸੀਂ ਟੂਰ ਪਏ ! ਪੇਮੋ ਸ਼ੁਬੂ ਜਾਣ ਲਈ ਰਸਤਾ ਘਨੇਰੇ ਜੰਗਲਾਂ ਵਿਚੋਂ ਦੀ ਹੋ ਕੇ ਜਾਂਦਾ ਸੀ ਜੋ ਕਿ ਭਾਲੂ, ਚੀਤੇ, ਅਤੇ ਜੰਗਲੀ ਸੁਰਾਂ ਨਾਲ ਭਰਿਆ ਹੋਇਆ ਸੀ ! ਝਾੜੀਆਂ ਦੀ ਟਾਹਣੀਆ ਵਾਰ ਵਾਰ ਹਰ ਕਿਤੇ ਰਾਹ ਰੋਕ ਲੈਂਦੀਆਂ ਸੀ ਅਤੇ ਸਾਨੂ ਓਹਨਾ ਨੂ ਹਟਾ ਕੇ ਨਿਕਲਣਾ ਪੈਂਦਾ ਸੀ ! ਪਗਡੰਡੀ ਵੀ ਇਹਨਾ ਝਾੜੀਆਂ ਕਰਕੇ ਲੁਕ ਜਾਂਦੀ ਸੀ ਅਤੇ ਸਾਨੂ ਇਹਨਾ ਨੂ ਵਢ ਕੇ ਇਸ ਘਨੇਰੇ ਜੰਗਲ ਵਿਚ ਰਾਹ ਬਣਾਓਣਾ ਪੈਂਦਾ ਸੀ ! ਇਹਨਾ ਘਨੀ ਝਾੜੀਆਂ ਦੀ ਓਟ ਵਿਚੋਂ ਸਾਨੂ ਬੋਧੀਆਂ ਦਾ ਚਿੱਟੇ ਰੰਗ ਦਾ ਝੰਡਾ ਹਵਾ ਵਿਚ ਫਹਿਰਾਓਨਦਿਆਂ ਦਿੱਸਿਆ ਜਿਸਤੇ ‘ਓਮ ਮਣੀ ਪਦ੍ਮੇ ਹੂਮ’ ਲਿਖਿਆ ਹੋਇਆ ਸੀ ! ਲਾਮਾ ਨੇ ਮੈਨੂ ਦਸਿਆ ਕਿ ਜਦੋਂ ਵੀ ਇਹ ਝੰਡਾ ਫਹਿਰਾਓਨ੍ਦਾ ਹੈ ਤਾ ਰੱਬ ਦਾ ਨਾਮ ੧੦੦੧ ਵਾਰੀ ਹਵਾ ਵਿਚ ਜਾਂਦਾ ਹੈ !
ਅਗੋਂ ਰਸਤਾ ਸਾਫ਼ ਹੋਣ ਤੇ ਅਸੀਂ ਬਾਮ੍ਚੁ ਨਦੀ ਵਲ ਉਤਰਨਾ ਸ਼ੁਰੂ ਹੋ ਗਏ, ਕਰੀਬਨ ੫ ਮਿੰਟ ਹੇਠਾਂ ਉਤਰਨ ਤੇ ਸਾਨੂ ਇਕ ਵੱਡੀ ਚੱਟਣ ਮਿਲੀ ਜੋ ਕਰੀਬਨ ੩੦ ਫਿਟ ਉੱਚੀ ਅਤੇ ਜਿਸਦੀ ਲਮਬਾਈ ਅਤੇ ਚੁੜਾਈ ਕਰੀਬਨ ੨੦ ਫਿਟ ਹੋਣੀ ! ਇਹ ਆਪਣੇ ਪੂਰਬੀ ਪਾਸੇ ਵਾਲ ਥੋੜੀ ਝੁਕੀ ਹੋਈ ਸੀ ! ਅਤੇ ਇਸ ਦੇ ਥਲੜੇ ਪਾਸੇ ਥੋੜੀ ਪਧਰੀ ਥਾਂ ਸੀ ਜਿਸ ਤੇ ਕੁਝ ਚਿੱਟੇ ਰੰਗ ੜੇ ਝੰਡੇ ਪਏ ਸੀ ਅਤੇ ਜਿਹਨਾ ਤੇ ਤਿੱਬਤੀ ਜੁਬਾਨ ਵਿਚ ਕੁਝ ਲਿਖਿਆ ਹੋਇਆ ਸੀ !
ਲਾਮਾ ਨੇ ਬੜੇ ਹੀ ਸ਼ਰਧਾ ਭਾਵ ਨਾਲ ਝੁਕ ਕੇ ਸਤਿਕਾਰ ਕੀਤਾ, ਫਿਰ ਆਪਣੀ ਘੰਟੀ ਵਜਾਓਨੀ ਅਤੇ ਆਪਣੇ ਮੰਤਰ ਪੜਨੇ ਸ਼ੁਰੂ ਕਰ ਦਿੱਤੇ ! ਉਸਨੇ ਝੁਕ ਕੇ ਉਸ ਪਧਰੀ ਥਾਂ ਤੇ ਇਕ ਨਵੇਂ ਚਿੱਟੇ ਰੰਗ ੜੇ ਝੰਡੇ ਨੂ ਭੇਂਟਾ ਕੀਤਾ ! ਫਿਰ ਉਸਨੇ ਓਸ ਚੱਟਾਨ ਉਤੇ ਸ਼ਰੀਰਾਂ ਦੇ ਬਣੇ ਨਿਸ਼ਾਨ ਵਿਖਾਓਣੇ ਸ਼ੁਰੂ ਕਰ ਦਿੱਤੇ ਜੋ ਕਿ ਓਸ ਚੱਟਾਨ ਵਿਚ ਦੀ ਨਿਘਰੇ ਹੋਏ ਸੀ ਅਤੇ ਸਾਫ਼ ਦਿਸਦੇ ਸੀ ! ਓਹ ਨਿਸ਼ਾਨ ਦੋ ਸ਼ਰੀਰਾਂ ਦੇ ਦਿਸਦੇ ਸੀ, ਜਿਹਨਾ ਵਿਚੋਂ ਇਕ ਭਾਰੇ ਬੰਦੇ ਦਾ ਸੀ ਅਤੇ ਦੂਜਾ ਥੋੜੇ ਹੌਲੇ ਅਤੇ ਨਿੱਕੇ ਬੰਦੇ ਦਾ ! ਲਾਮਾ ਨੇ ਮੈਨੂ ਦਸਿਆ ਕਿ ਇਹ ਜੋ ਭਾਰਾ ਵਾਲਾ ਨਿਸ਼ਾਨ ਹੈ - ਇਹ ਗੁਰੂ ਨਾਨਕ ਜੀ ਦਾ ਹੈ ਅਤੇ ਦੂਜਾ ਨਿੱਕੇ ਵਾਲਾ ਓਹਨਾ ਦੇ ਸਾਥੀ ਦਾ ! ਓਹਨਾ ਨਿਸ਼ਾਨਾ ਵਿਚ ਸਿਰ, ਮੋਡੇ, ਬਾਹਵਾਂ ਅਤੇ ਸ਼ਰੀਰ ਦਾ ਉਪਰਲਾ ਹਿੱਸਾ ਸਾਫ਼ ਬਣਿਆ ਦਿਸਦਾ ਸੀ ! ਇਹ ਓਹਨਾ ਨਿਸ਼ਾਨਾ ਵਾਂਗਰ ਨਹੀ ਸੀ ਜੋ ਛੇਣੀ ਅਤੇ ਥੋੜੀ ਨਾਲ ਬਣਾਯਾ ਗਿਆ ਹੋਵੇ, ਪਰ ਕੁਦਰਤੀ ਹੀ ਬਣਿਆ ਦਿਸਦਾ ਸੀ ! ਮੇਰੇ ਕੋਲ ਓਹਨਾ ਨਿਸ਼ਾਨਾ ਦੀ ਜਾਂਚ ਕਰਨ ਦਾ ਕੋਈ ਸਾਧਨ ਜਾ ਹੀਲਾ ਨਹੀ ਸੀ ਜਿਹੜਾ ਮੈਂ ਦਸ ਸਕਦਾ ਕਿ ਇਹ ਨਿਸ਼ਾਨ ਕਿਵੇਂ ਬਣੇ ਸੀ, ਫਿਰ ਵੀ ਮੈਂ ਲਾਮਾ ਦੀ ਦੱਸੀ ਗਲ ਤੇ ਕੋਈ ਕਿੰਤੂ ਨਾ ਕੀਤਾ ਅਤੇ ਅਦਬ ਨਾਲ ਓਹਨਾ ਨਿਸ਼ਾਨਾ ਦਾ ਝੁਕ ਕੇ ਸਤਿਕਾਰ ਕੀਤਾ !
ਇਸ ਤੋ ਮਗਰੋਂ ਲਾਮਾ ਮੈਨੂ ਇਕ ਸੁਰੰਗ ਥਾਣੀ ਹੋਰ ਵੀ ਹੇਠਾਂ ਲੈ ਗਿਆ ਅਤੇ ਅਸੀਂ ਇਸ ਚੱਟਾਨ ਦੇ ਦੂਜੇ ਪਾਸੇ ਵਲ ਨਿਕਲ ਗਏ ਜਿਥੋਂ ਅਸੀਂ ਹੇਠਾਂ ਵਗਦੀ ਬਾਮ੍ਚੁ ਨਦੀ ਦਾ ਸੋਹਣਾ ਨਜ਼ਾਰਾ ਵੇਖ ਸਕਦੇ ਸੀ ਅਤੇ ਇਕ ਪਾਸੇ ਮੈਨੂ ਚਿੱਟੇ ਅਤੇ ਕਾਲੇ ਰੰਗ ਦੇ ਨਿੱਕੇ ਨਿੱਕੇ ਪਥਰ ਨਦੀ ਦੇ ਪਾਣੀ ਵਿਚ ਸਾਫ਼ ਵਿਖਾਈ ਦੇ ਰਹੇ ਸੀ !
ਲਾਮਾ ਓਸ ਨਦੀ ਦੇ ਥੋੜੇ ਖਲੋਤੇ ਪਾਣੀ ਯਾ ਛਪੜੀ ਤੇ ਝੁਕ ਗਿਆ ਅਤੇ ਗੁਰੂ ਨਾਨਕ ਦਾ ਨਾਮ ਉਚਾਰਣ ਕਰਨ ਲਗ ਪਿਆ ! ਫਿਰ ਉਸਨੇ ਨਦੀ ਵਿਚੋਂ ਇਕ ਪਥਰ ਚੂਕ ਲਿਆ ; ਇਹ ਚਿੱਟਾ ਸੀ ! ਓਹ ਬੜਾ ਖੁਸ਼ ਸੀ ! ਜਦੋਂ ਮੈਂ ਉਸਨੁ ਪੁਛਿਆ ਕਿ ਉਸਦੀ ਮੰਗ ਕੀ ਸੀ, ਉਸਨੇ ਦੱਸਿਆ ਕਿ ਉਸਨੇ ਇਕ ਹੋਰ ਪੁੱਤਰ ਮੰਗਿਆ ਹੈ ! ਮੈਂ ਹੈਰਾਨ ਸੀ ਕਿ ਇਕ ਲਾਮਾ ਹੁੰਦੇ ਹੋਏ ਵੀ ਓਹ ਦੁਨਿਆਵੀ ਚੀਜ਼ਾਂ ਵਲ ਖਿਚ ਰਖਦਾ ਸੀ ! ਮੇਰਾ ਇਕ ਛੋਟਾ ਅਫਸਰ ਸੂਬੇਦਾਰ ਮੇਜਰ ਸੂਰਤ ਸਿੰਘ ਯਾਦਵ, ਜਾਤ ਦਾ ਅਹੀਰ - ਹਰਿਆਣਾ ਤੋ, ਜੋ ਸਾਡੇ ਨਾਲ ਹੀ ਦਰਸ਼ਨ ਕਰਣ ਲਈ ਆਇਆ ਸੀ ! ਉਸ ਨੂ ਕਾਲਾ ਪਥਰ ਮਿਲਿਆ ! ਮੈਂ ਜਾਣਦਾ ਸੀ ਕਿ ਇਹ ਉਸਦੀ ਸੋਚ ਵਿਚ ਨਹੀ ! ਹੁਣ ਓਹਨਾ ਦੋਹਾਂ ਨੇ ਮੈਨੂ ਵੀ ਕੋਸ਼ਿਸ਼ ਕਰਣ ਲਈ ਕਿਹਾ ! ਮੇਰੇ ਮਨ ਵਿਚ ਕੁਝ ਨਹੀ ਸੀ ਕਿਓਂਕਿ ਰੱਬ ਸਦਾ ਹੀ ਮੇਰੇ ਤੇ ਮਿਹਰਬਾਨ ਰਿਹਾ ਹੈ ! ਫਿਰ ਵੀ ਮੇਰੇ ਅੰਦਰੋਂ ਇਕ ਖਿਆਲ ਨਿਕਲਿਆ ਕਿ, "ਕਿਓਂ ਨਾ ਗੁਰੂ ਜੀ ਤੋਂ ਗੁਰੂ ਜੀ ਦੇ ਇਸ ਸਥਾਨ ਤੇ ਇਕ ਗੁਰੂ ਘਰ ਬਣਵਾਓਣ ਦੀ ਮੰਗ ਕੀਤੀ ਜਾਵੇ ਜੇਕਰ ਗੁਰੂ ਜੀ ਵਾਕਈ ਇਥੇ ਆਏ ਹੋਣ ?" ਇਹ ਮੰਗ ਧਾਰ ਕੇ ਮੈਂ ਪਾਣੀ ਵਿਚ ਹਥ ਪਾ ਕੇ ਇਕ ਪਥਰ ਕਢਿਆ ਤੇ ਵੇਖਿਆ ਕਿ ਇਹ ਚਿੱਟਾ ਸੀ ! ਹੁਣ ਮੈਂ ਇਸ ਸਾਰੀ ਮੰਗ ਵਲ ਧਿਆਨ ਦਿੱਤਾ ; ਮੈਂ ਇਸ ਨੂ ਨਾ ਪੂਰੀ ਹੋਣ ਵਾਲਾ ਖਿਆਲ ਸੋਚਿਆ ਕਿਓਂਕਿ ਇਸ ਦੂਰ ਦੁਰਾਂਡੀ ਅਨਜਾਣ ਥਾਂ ਤੇ ਇਕ ਗੁਰੂ ਘਰ ਬਣਾਓਨਾ ਅੱਤ ਹੀ ਮੁਸ਼ਕਿਲ ਕੰਮ ਸੀ ਜਿਥੇ ਕਿ ਕਿਸੇ ਉਸਾਰੂ ਕੰਮ ਲਈ ਬਿਲਡਿੰਗ ਉਸਾਰੀ ਦਾ ਸਮਾਨ, ਓਹ ਵੀ ਅਸਾਮ ਦੇ ਹੇਠਲੇ ਇਲਾਕੇ ਤੋ ਜੰਗਲ ਸਾਫ਼ ਕਰਕੇ ਪੁਚਾਣਾ ਇਕ ਵਡੀ ਸਮਸਿਆ ਸੀ ! ਮੈਂ ਸੋਚਿਆ ਕਿ ਚੰਗਾ ਹੋਵੇਗਾ ਜੇਕਰ ਮੈਂ ਇਸ ਸਭ ਨੂ ਇਕ ਮਾੜਾ ਖਿਆਲ ਸਮਝ ਕੇ ਭੁਲ ਜਾਵਾਂ ! ਸਭ ਤੋ ਵੱਡੀ ਗਲ ਇਹ ਸੀ ਕਿ ਇਹ ਗਲ ੧੯੮੪ ਦੇ ਸਿਖ ਕਤਲੋ ਗਾਰਤ ਦੇ ਬਾਦ ਦੀ ਸੀ ਜਦੋਂ ਅਸੀਂ ਇਹ ਸਭ ਕੁਝ ਕਰਣ ਬਾਬਤ ਸੋਚ ਵੀ ਨਹੀ ਸੀ ਸਕਦੇ !
ਜੋ ਵੀ ਕਹਿ ਲਵੋ ਪਰ ਮੇਰਾ ਸੂਬੇਦਾਰ ਬਹੁਤ ਹੀ ਚੁਸਤ ਸੀ ! "ਉਸ ਨੇ ਵਿਚਾਰ ਕੇ ਕਿਹਾ ਕਿ ਇਥੇ ਗੁਰੂ ਸਾਹਿਬ ਜੀ ਦਾ ਸਥਾਨ ਹੋਣਾ ਹੀ ਚਾਹੀਦਾ ਹੈ", ਮੈਂ ਆਪਣਾ ਸ਼ਕ਼ ਜ਼ਾਹਿਰ ਕਰਦੇ ਬੋਲਿਆ,"ਪਰ ਮੈਂ ਕੱਲਾ ਕਿਵੇਂ ਇਸ ਮੁਸ਼ਕਿਲ ਥਾਂ ਤੇ ਇਹ ਬਣਾ ਸਕਦਾ ਹਾਂ"? ਉਸ ਹਾਜਰ ਜਵਾਬ ਸੂਬੇਦਾਰ ਨੇ ਝਟ ਬੋਲਿਆ ਕਿ, "ਤੁਸੀਂ ਆਪਣੇ ਆਪ ਨੂ ਕੱਲਾ ਕਿਓਂ ਮਹਿਸੂਸ ਕਰਦੇ ਹੋ ਸਾਹਬ ਜੀ? ਲਾਮਾ ਨੇ ਹੁਕਮੀ ਲਹਿਜੇ ਵਿਚ ਕਿਹਾ, "ਅਸੀਂ ਗੁਰੂ ਨਾਨਕ ਦੇਵ ਜੀ ਦਾ ਸਥਾਨ ਇਥੇ ਬਣਾਵਾਂਗੇ, ਇਹ ਗੁਰੂ ਜੀ ਦੀ ਆਪਣੀ ਮਰਜੀ ਹੈ" ! ਮੇਰਾ ਮਨ ਦੁਚਿੱਤੀ ਵਿਚ ਸੀ ਪਰ ਓਹਨਾ ਦੋਹਾਂ ਨੇ ਆਪਣੇ ਮਨ ਵਿਚ ਇਸ ਖਿਆਲ ਨੂ ਅੰਜਾਮ ਦੇਣ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ !
ਸੂਬੇਦਾਰ ਸੂਰਤ ਸਿੰਘ ਨੇ ਕਿਹਾ ਕਿ, "ਸਾਨੂ ਇਸ ਸਥਾਨ ਦੀ ਪੁਰਾਤਨਤਾ ਅਤੇ ਕੁਦਰਤੀ ਨਿਰਮਲਤਾ ਨੂ ਇੰਜ ਹੀ ਬਣਾਈ ਰਖਣੀ ਚਾਹੀਦੀ ਹੈ"! ਅਗੇ ਆਪਣੀ ਗਲ ਤੋਰਦਿਆਂ ਕਿਹਾ ਕਿ," ਗੁਰੂਦਵਾਰਾ ਸਾਹਿਬ ਜੀ ਦੀ ਉਸਾਰੀ ਲਈ ਸਭ ਤੋ ਉੱਤਮ ਸਥਾਨ, ਨਦੀ ਦੀ ਦੋਹਾਂ ਧਾਰਾਵਾਂ ਦੇ ਵਿਚਕਾਰ ਵਾਲੀ ਤਿਕੋਣੀ ਥਾਂ ਹੋਵੇਗੀ ਜੋ ਕਿ ਕਿਸੇ ਵੀ ਧਾਰਮਿਕ ਕਾਰਜ ਲਈ ਇਕ ਉਚੇਚੀ ਥਾਂ ਹੈ, ਅਤੇ ਇਹ ਪਵਿਤਰ ਯਾਦਗਾਰੀ ਸਥਾਨ ਦੇ ੫੦੦ ਗਜ ਦੇ ਅੰਦਰ ਹੀ ਹੋਣੀ ਚਾਹੀਦੀ ਹੈ"! ਉਸਨੇ ਧਾਰਮਿਕ ਸਥਾਨ ਦੀ ਵਿਆਖਿਆ ਕਰਦੇ ਹੋਏ ਕਿਹਾ ! ਮੈਨੂ ਇਸ ਸਭ ਦੀ ਕੋਈ ਜਾਣਕਾਰੀ ਨਹੀ ਸੀ ! ਜਦੋਂ ਮੈਂ ਓਸ ਥਾਂ ਦੇ ਨਿਰੀਖਣ ਕਰਨ ਲਈ ਅਗਾਂਹ ਵਧਿਆ ਤਾ ਮੈਂ ਵੇਖਿਆ ਕਿ ਲਾਮਾ ਇਕ ਪਥਰ ਤੇ ਧਿਆਨ ਲਾਈ ਬੈਠਾ ਸੀ ! ਮੈਂ ਇਲਾਕੇ ਦੀ ਚੰਗੀ ਤਰਾਂ ਪੜਤਾਲ ਕੀਤੀ, ਓਹ ਥਾਂ ਪਧਰੀ ਸੀ, ਕਾਫੀ ਵੱਡੇ ਦਰਖਤਾਂ ਤੋ ਅਤੇ ਝਾੜੀਆਂ ਤੋ ਭਰੀ ਹੋਈ ਸੀ ਪਰ ਚਿਕੜ ਵਾਲੀ ਨਹੀ ਸੀ ਕਿਓਂਕਿ ਢਲਾਨ ਨਦੀ ਵਲ ਸੀ !
ਇਸ ਇਲਾਕੇ ਦੀ ਸਫਾਈ ਕਰਨ ਲਈ ਬਹੁਤ ਮਿਹਨਤ ਕਰਨ ਦੀ ਲੋੜ ਸੀ! ਪਥਰਾਂ ਨੂ ਇਸ ਦੂਰ-ਦੁਰਾਂਡੇ ਇਲਾਕੇ ਵਿਚ ਲਿਆਓਣਾ ਵੀ ਇਕ ਬੜੀ ਵੱਡੀ ਸਮਸਿਆ ਸੀ ਜਦੋਂ ਕਿ ਕਿੱਲਾਂ ਵੀ ਲਿਆਓਣੀਆਂ ਪੈਂਦੀਆਂ ਤਾ ਤਿਨਸੁਕਿਆ ਜਾਣਾ ਪੈਣਾ ਸੀ! ਜਿਸ ਵਾਸਤੇ ਇਕ ਬੰਦੇ ਨੂ ਘਟੋਂ ਘਟ ੧੦-੧੫ ਦਿਨ ਇਕ ਪਾਸੇ ਲਈ ਲਗਦੇ ! ਦੂਜਾ ਜਰਿਆ ਸੀ ਜਹਾਜ ਤੇ ਜਾਣਾ ਮੇਰਾ ਮਤਲਬ ਹੇਲੀਕਾਪਟਰ ਤੇ ! ਪਰ ਹੇਲੀ ਕਾਪਟਰ ਨੂ ਸਭ ਤੋ ਪਹਿਲੀ ਲੋੜ ਪੂਰੀ ਕਰਨੀ ਸੀ ਫੌਜ਼ ਲਈ ਰਾਸ਼ਨ, ਤੋਪਾਂ ਲਈ ਬਰੂਦ ਅਤੇ ਗੋਲਾ ਬਾਰੀ ਦਾ ਸਮਾਨ ਲਿਜਾਓਣ ਦੀ ! ਫਿਰ ਜੇ ਅਸੀਂ ਹੇਲੀ ਕਾਪਟਰ ਤੇ ਸਮਾਨ ਲੈ ਵੀ ਆਈਏ ਤਾ ਹੇਲਿਪੇਡ ੧੫ ਕਿਲੋ ਮੀਟਰ ਦੂਰ ਸੀ ਜਿਥੋਂ ਸਮਾਨ ਲੈ ਕੇ ਆਓਣਾ ਇਕ ਹੋਰ ਸਮਸਿਆ ਸੀ ! ਸਭ ਤੋ ਪਹਿਲੀ ਲੋੜ ਸੀ ਕਿ ਗੁਰੂ ਜੀ ਦੇ ਇਸ ਸਥਾਨ ਤਕ ਦੇ ਰਸਤੇ ਨੂ ਸਾਫ਼ ਕਰਨਾ ਜੋ ਕਿ ਇਕ ਬਹੁਤ ਵਡਾ ਕੰਮ ਸੀ, ਮੈਨੂ ਇਹ ਸਭ ਕਰਨਾ ਬਹੁਤ ਹੀ ਮੁਸ਼ਕਿਲ ਜਾਪਿਆ ਕਿ ਇਹਨਾ ਹਾਲਾਤਾਂ ਵਿਚ ਇਥੇ ਗੁਰੂ ਘਰ ਬਣਾਇਆ ਵੀ ਜਾਵੇ ?
"ਇਹ ਇਕ ਬੜਾ ਹੀ ਪਵਿਤਰ ਸਥਾਨ ਹੈ, ੧੫ ਦਿਨਾ ਬਾਅਦ ਪਵਿਤਰ ਦਿਹਾੜਾ ਹੈ ਇਸ ਵਾਸਤੇ ਇਸ ਪਵਿਤਰ ਦਿਹਾੜੇ ਤਕ ਗੁਰੂ ਸਾਹਿਬ ਜੀ ਦੇ ਇਸ ਗੁਰੂ ਘਰ ਦਾ ਨੀਂਹ ਪਥਰ ਰਖਣ ਲਈ ਪਥਰ ਲੈ ਕੇ ਆਓਣੇ ਹਨ" ਲਾਮਾ ਨੇ ਆਪਣੀ ਅਖਾਂ ਬੰਦ ਰਖੀਆਂ ਹੀ ਬੋਲਿਆ !
ਇਹ ਬਿਲਕੁਲ ਸਹੀ ਹੈ ! ਅਸੀਂ ਇਨੇ ਚਿਰ ਵਿਚ ਇਹ ਥਾਂ ਪਧਰੀ ਅਤੇ ਸਾਫ਼ ਕਰ ਦੇਵਾਂਗੇ" ! ਸੂਬੇਦਾਰ ਸੂਰਤ ਸਿੰਘ ਨੇ ਆਪਣੇ ਸਿਰ ਤੇ ਜਿਮੇ- ਵਾਰੀ ਲੈਂਦੀਆਂ ਕਿਹਾ, ਇਸ ਥਾਂ ਨੂ ਸਾਫ਼ ਕਰਨਾ ਅਤੇ ਰਸਤੇ ਨੂ ਇਥੇ ਤਕ ਸਾਫ਼ ਬਣਾਓਣਾ, ਇਹ ਮੁਢਲੇ ਕੰਮ ਸੀ ! ਸਾਰੇ ਇਲਾਕੇ ਦੀ ਚੰਗੀ ਤਰਾਂ ਛਾਨਬੀਨ ਕੀਤੀ ਗਈ ਅਤੇ ਓਹੀ ਥਾਂ ਗੁਰੂ ਘਰ ਦੇ ਬਨਾਓਣ ਲਈ ਚੁਣੀ ਗਈ ਜਿਥੇ ਲਾਮਾ ਨੇ ਆਪਣੀ ਛੋਟੀ ਜਿਹੀ ਸੋਟੀ ਰਖੀ ਸੀ ਅਤੇ ਚਿੱਟੇ ਰੰਗ ਦਾ ਝੰਡਾ ਲਾਇਆ ਸੀ ਜਿਸ ਤੇ "ਓਮ ਮਨੀ ਪਦ੍ਮੇ ਹੁਮ" ਲਿਖਿਆ ਸੀ ! ਹੁਣ ਜਦੋਂ ਅਸੀਂ ਵਾਪਸੀ ਚਾਲੇ ਪਾਏ ਤਾ ਸੂਬੇਦਾਰ ਸੂਰਤ ਸਿੰਘ ਨੇ ਰਸਤੇ ਦਾ ਚੰਗੀ ਤਰਾਂ ਜਾਇਜਾ ਲਿਆ ! ਸਾਨੂ ਲਾਮਾ ਨੇ ਦਸਿਆ ਕਿ ਸਾਨੂ ਇਥੇ ਗੁਰੂ ਘਰ ਦੀ ਉਸਾਰੀ ਲਈ ਕਿਹਨਾ ਬੰਦਿਆਂ ਨੂ ਮਿਲਣਾ ਚਾਹੀਦਾ ਹੈ !
ਮੈਂ ਉਸਾਰੀ ਲਈ ਸਮਾਨ ਲਿਆਓਣ ਦੇ ਅਨੇਕਾਂ ਰਸਤਿਆਂ ਤੇ ਵਿਚਾਰ ਕੀਤੀ ! ਸਭ ਤੋ ਵਧਿਆ ਸੀ ਕਿ ਗੁਰੂ ਘਰ ਲੱਕੜ ਨਾਲ ਹੀ ਬਣਾਇਆ ਜਾਵੇ ਜਿਸ ਵਿਚ ਘਟੋਂ ਘਟ ਤਿਨ ਕਮਰੇ ਹੋਣ, ਇਕ ਕਮਰਾ ਗੁਰੂ ਸਾਹਿਬ ਜੀ ਅਤੇ ਸੰਗਤਾਂ ਲਈ, ਇਕ ਸੇਵਾਦਾਰ ਅਤੇ ਗ੍ਰੰਥੀ ਸਿੰਘ ਲਈ ਅਤੇ ਇਕ ਕਮਰਾ ਸਟੋਰ ਅਤੇ ਹੋਰ ਸਮਾਨ ਰਖਣ ਵਾਸਤੇ ! ਇਸ ਵਿਚ ਕਿਸੇ ਬੰਦੇ ਦੇ ਰੁਕਣ ਦਾ ਵੀ ਇੰਤਜ਼ਾਮ ਕੀਤਾ ਜਾ ਸਕਦਾ ਸੀ ਜੇਕਰ ਕੋਈ ਜਾਤਰੁ ਇਥੇ ਰਾਤ ਰੁਕਣਾ ਚਾਹੇ !ਇਸ ਸਾਰੇ ਇੰਤਜ਼ਾਮ ਲਈ ਲੱਕੜ ਦੇ ੮੦੦ ਫੱਟੇ ਚਾਹੀਦੇ ਸੀ ਅਤੇ ੧੦੦ ਦੇ ਕਰੀਬ ਸੀ ਜੀ ਆਈ ਸ਼ੀਟਾਂ ਦੀ ਵੀ ਲੋੜ ਪੈਣੀ ਸੀ ਅਤੇ ਉਸਾਰੀ ਦਾ ਹੋਰ ਸਮਾਨ ਵਖਰਾ ! "ਅਸੀਂ ਇਹ ਸਭ ਇੰਤਜ਼ਾਮ ਕਿਵੇਂ ਕਰਾਂਗੇ"? ਮੈਂ ਇਸ ਸਵਾਲ ਦਾ ਜਵਾਬ ਸੂਬੇਦਾਰ ਸੂਰਤ ਸਿੰਘ ਤੇ ਹੀ ਛੱਡ ਦਿੱਤਾ ! ਸੂਬੇਦਾਰ ਨੂ ਕੋਈ ਮੁਸ਼ਕਿਲ ਨਹੀ ਸੀ ਆ ਸਕਦੀ ਕਿਓਂਕਿ ਓਹ ਗੁਰੂ ਘਰ ਦੀ ਉਸਾਰੀ ਦੀ ਸੇਵਾ ਲਈ ਤਨ ਮਨ ਤੋ ਤਿਆਰ ਸੀ !
"ਅਸੀਂ ਲਕੜਾਂ ਚੀਰ ਕੇ ਫੱਟੇ ਆਪ ਹੀ ਬਣਾ ਲਵਾਂਗੇ ਅਤੇ ਸੀ ਜੀ ਆਈ ਸ਼ੀਟਾਂ ਦਾ ਇੰਤਜ਼ਾਮ ਦਿਨਜਾਨ ਅਸਾਮ ਤੋ ਕੀਤਾ ਜਾ ਸਕਦਾ ਹੈ, ਹੇਲੀ ਕਾਪਟਰ ਤੇ ਮੰਗਵਾ ਲਵਾਂਗੇ", ਓਹ ਇੰਜ ਗਲ ਕਰ ਰਿਹਾ ਸੀ ਜਿਵੇਂ ਇਸ ਕੰਮ ਨੂ ਕਰਨ ਵਿਚ ਉਸਨੁ ਕੋਈ ਔਕੜ ਹੀ ਨਹੀ ਸੀ ਆਓਣੀ ! ਵਾਪਸ ਆ ਕੇ ਸੂਬੇਦਾਰ ਸੂਰਤ ਸਿੰਘ ਬੜੇ ਹੀ ਚਾਅ ਨਾਲ ਮੇਰੀ ਯੂਨਿਟ ਦੇ ਸਭ ਜਵਾਨਾ ਨੂ ਸਾਰੀ ਗਲ ਦਸਦਾ ਰਿਹਾ ! ਹਰਿਆਣਾ ਦੇ ਬੜੇ ਹੀ ਧਾਰਮਿਕ ਖਿਆਲ ਵਾਲੇ ਇਹਨਾ ਅਹੀਰ ਯਾਦਵਾਂ ਨੇ ਸੂਰਤ ਸਿੰਘ ਦੀ ਹਰ ਗਲ ਨੂ ਬੜੇ ਗਹੁ ਨਾਲ ਸੁਣਿਆ ਅਤੇ ਉਸ ਨੂ ਭਰੋਸਾ ਦਿੱਤਾ ਕਿ ਓਹ "ਰੱਬ ਦੀ ਇਛਾ" ਨੂ ਪੂਰੀ ਕਰਨ ਲਈ ਓਹ ਹਰ ਜਤਨ ਕਰਣਗੇ !
ਬਿਨਾ ਕਿਸੇ ਦੇਰ ਤੋ ਕੰਮ ਛੇਤੀ ਹੀ ਸ਼ੁਰੂ ਹੋ ਗਿਆ ਅਤੇ ਜਿਹੜੇ ਬੰਦੇ ਕੁਝ ਕਰਨ ਦੀ ਇਛਾ ਰਖਦੇ ਸੀ, ਝਟ ਹੀ ਕੰਮ ਤੇ ਲੱਗ ਗਏ ! ਇਸ ਵਿਚਕਾਰ ਹੀ ਲਾਮਾ ਨੇ ਸੇਗਾਂਗ ਪਿੰਡ ਦੇ ਲੋਕਾਂ ਇਹ ਸਭ ਗਲ ਦਸ ਦਿੱਤੀ ! ਪਿੰਡ ਦਾ ਬੁੜਾ ਆਪਣੇ ਨਾਲ, ਆਪਣੇ ਪਿੰਡ ਦੇ ਬੰਦੇ ਵੀ ਲੈ ਕੇ ਆਇਆ ਅਤੇ ਕਿਹਾ ਕਿ ਇਹਨਾ ਤੋ ਜਿਹੜਾ ਕੰਮ ਲੈਣਾ ਚਾਹੋ - ਲੈ ਲਵੋ ! ਸੂਬੇਦਾਰ ਸਿੰਘ ਨੇ ਇਕ ਤਰਖਾਣ ਦੀ ਮੰਗ ਕੀਤੀ ਜਿਸ ਨੂ ਪਿੰਡ ਦੇ ਬੁੜੇ ਨੇ ਝਟ ਹੀ ਪੂਰੀ ਕਰ ਦਿੱਤੀ ! ਮੈਂ ਉਸ ਨੂ ਬੇਨਤੀ ਕੀਤੀ ਕਿ ਇਹ ਜ਼ਮੀਨ ਗੁਰੂ ਘਰ ਦੇ ਨਾਮ ਕਰ ਦਿੱਤੀ ਜਾਵੇ ਜਿਸ ਨੂ ਉਸਨੇ ਗੁਰੂ ਦਾ ਹੁਕਮ ਮਨ੍ਦੀਆਂ ਝਟ ਹੀ ਪਰਵਾਨ ਕਰ ਲਿਆ ! ਉਸਨੇ ਅਤੇ ਲਾਮਾ ਨੇ ਮੇਨਚੁਕਾ ਇਲਾਕੇ ਦੇ ਅਫਸਰਾਂ ਨੂ ਮਿਲਣ ਦੀ ਵਿਓਂਤ ਬਣਾਈ ਜਿਸ ਨਾਲ ਇਹ ਜ਼ਮੀਨ ਗੁਰੂਦਵਾਰਾ ਸਾਹਿਬ ਦੇ ਨਾਮ ਕੀਤੀ ਜਾ ਸਕੇ ਅਤੇ ਉਸਾਰੀ ਵਿਚ ਕੋਈ ਮੁਸ਼ਕਿਲ ਨਾ ਆਵੇ, ਇਸ ਦੀ ਇਜ਼ਾਜਤ ਵੀ ਲੈ ਲਈ ਜਾਵੇ !
ਅਗਲੇ ਹੀ ਦਿਨ ਤੋ ਕੰਮ ਸ਼ੁਰੂ ਹੋ ਗਿਆ ਅਤੇ ਪਿੰਡ ਦੇ ਲੋਕਾਂ ਅਤੇ ਫੌਜੀਆਂ ਦੀ ਮਦਦ ਨਾਲ ਰਸਤੇ ਦਾ ਇਕ ਵੱਡਾ ਹਿੱਸਾ ਸਾਫ਼ ਕਰ ਦਿੱਤਾ ਗਿਆ ! ਮੈਂ ਆਪਣੀ ਘਰ ਦੀ ਨੂ ਇਕ ਚਿਠੀ ਲਿਖੀ ਜੋ ਕਿ ਉਸ ਵੇਲੇ ਦਿਨਜਾਨ ਅਸਾਮ ਵਿਚ ਸੀ ਅਤੇ ਉਸਨੁ ਸਭ ਗਲ ਚੰਗੀ ਤਰਾਂ ਖੋਲ ਕੇ ਲਿਖੀ ਅਤੇ ਕਿਹਾ ਕਿ ਓਹ ੧੦੦ ਸੀ ਜੀ ਆਈ ਸ਼ੀਟਾਂ ਅਤੇ ਹੋਰ ਸਮਾਨ ਖਰੀਦਣ ਦਾ ਇੰਤਜ਼ਾਮ ਕਰੇ, ਲੋੜੀਂਦਾ ਪੈਸੇ ਦਾ ਵੀ ਇੰਤਜ਼ਾਮ ਕਰੇ ! ਇਸ ਸਭ ਸਮਾਨ ਨੂ ਦਿਨ ਜਾਨ - ਤਿਨਸੁਕਿਆ ਤੋ ਖਰੀਦ ਕੇ ਮੇਨਚੁਕਾ ਲਿਆਓਣਾ ਵੀ ਇਕ ਬੜੀ ਵੱਡੀ ਔਕੜ ਸੀ ! ਮੈਂ ਇਸ ਔਕੜ ਤੇ ੨-੩ ਦਿਨ ਵਿਚਾਰ ਕੀਤੀ ਫਿਰ ਮੈਂ ਉਸ ਪਾਇਲਟ ਨੂ ਮਿਲਿਆ ਜੋ ਸਾਨੂ ਸਪਲਾਈ ਦਿੰਦਾ ਸੀ ! ਓਹ ਵੀ ਬੜੀ ਖੁਸ਼ੀ ਨਾਲ ਉਸ ਥਾਂ ਦੇ ਦਰਸ਼ਨ ਲਈ ਤਿਆਰ ਹੋ ਗਿਆ ! ਮੈਂ ਉਸ ਨੂ ਓਸ ਔਖੇ ਰਸਤੇ ਤੋ ਹੁੰਦਾ ਹੋਇਆ ਲੈ ਗਿਆ ! ਗੁਰੂ ਸਾਹਿਬ ਜੀ ਅਗੇ ਆਪਣੀ ਸ਼ਰਧਾ ਨਾਲ ਮਥਾ ਟੇਕ ਕੇ ਉਸ ਨੇ ਆਲੇ ਦੁਆਲੇ ਝਾਤੀ ਮਾਰੀ ਅਤੇ ਇਲਾਕੇ ਦਾ ਮੁਆਇਨਾ ਕੀਤਾ ਅਤੇ ਕਿਹਾ ਕਿ 500 ਗਜ ਦੂਰ ਹੀ ਸੋਹਣੀ ਥਾਂ ਹੈ ਜਿਸਨੂ ਸਪਲਾਈ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਜੇਕਰ ਥੋੜੀ ਹੋਰ ਕੋਸ਼ਿਸ਼ ਕਰ ਲਈ ਜਾਵੇ ਤਾ ਇਸਨੁ ਹੇਲੀਕਾਪਟਰ ਉਤਾਰਨ ਲਈ ਹੇਲੀਪੇਡ ਵੀ ਬਣਾਇਆ ਜਾ ਸਕਦਾ ਹੈ ! ਪਰ ਇਸ ਵਾਸਤੇ ਹੇਡ-ਕਵਾਰਟਰ ਤੋ ਮੰਜੂਰੀ ਚਾਹੀਦੀ ਸੀ !
ਕੰਮ ਸਾਡੀ ਉਮ੍ਮੀਦ ਤੋ ਜਿਆਦਾ ਤੇਜੀ ਨਾਲ ਹੋਣਾ ਸ਼ੁਰੂ ਹੋ ਗਿਆ ਸੀ ! ਛੇਤੀ ਹੀ ਅਸਾਮ ਰਾਇਫਲਸ ਦੇ ਜਵਾਨ ਵੀ ਸਾਡੀ ਮਦਦ ਲਈ ਆ ਗਏ ! ਇਸ ਇਲਾਕੇ ਦਾ ਸਭ ਤੋ ਵੱਡਾ ਫੌਜ਼ ਦਾ ਅਫਸਰ ਮਹਾਰ ਰੇਜਿਮੇੰਟ ਦਾ ਬਟਾਲਿਯਨ ਕਮਾਂਡਰ ਸੀ, ਓਹ ਵੀ ਅਹੀਰ ਹੀ ਸੀ, ਅਤੇ ਇਲਾਕੇ ਦਾ ਅਫਸਰ ਸੀ ! ਓਹ ਵੀ ਦਰਸ਼ਨ ਕਰਨ ਲਈ ਆਇਆ, ਉਸਨੇ ਸਿਫਾਰਿਸ਼ ਕੀਤੀ ਕਿ ਇਸ ਇਲਾਕੇ ਵਿਚ ਨਜਦੀਕੀ ਪਹਾੜੀ ਤੇ ਇਕ ਫੌਜ਼ ਦੀ ਕਮਪਨੀ ਲਗਾ ਦਿੱਤੀ ਜਾਵੇ ਕਿਓਂਕਿ ਇਸ ਅੰਜਾਨ ਰਸਤੇ ਤੋ ਦੁਸ਼ਮਨ ਆ ਸਕਦਾ ਸੀ, ਇਸ ਵਾਸਤੇ ਇਸ ਇਲਾਕੇ ਦੀ ਨਿਗਰਾਨੀ ਅਤੇ ਹਿਫ਼ਾਜ਼ਤ ਬਹੁਤ ਜਰੂਰੀ ਸੀ ! ਹੁਣ ਕੰਮ ਦੀ ਰਫਤਾਰ ਮੇਰੀ ਸੋਚ ਤੋ ਬਹੁਤ ਹੀ ਤੇਜ਼ੀ ਨਾਲ ਸ਼ੁਰੂ ਹੋ ਗਈ ਸੀ, ਜਿਨਾ ਮੈਂ ਕਦੀ ਸੋਚਿਆ ਵੀ ਨਹੀ ਸੀ ! ਇਸ ਤੋ ਬਾਦ, ਫੌਜ਼ ਦੇ ਕਮਾਂਡਰ, ਏਅਰ ਫੋਰਸ ਅਤੇ ਅਸਾਮ ਰਾਇਫਲਸ ਵਾਲੇ ਮੇਨ੍ਚੁਕਾ ਆਏ ਅਤੇ ਇਸ ਸਥਾਨ ਨੂ ਫੌਜ਼ ਦੀ ਨਿਗਰਾਨੀ ਹੇਠ ਲੈ ਆਂਦਾ !
ਲੋਕਲ ਤਰਖਾਣਾ ਅਤੇ ਫੌਜੀਆਂ ਦੀ ਮਦਦ ਨਾਲ ਤਿਨ ਕਮਰੇ ਛੇਤੀ ਹੀ ਤਿਆਰ ਹੋ ਗਏ ! ਓਧਰ ਦੂਜੇ ਪਾਸੇ ਇਲਾਕੇ ਵਿਚ ਹੁੰਦੇ ਕੰਮ ਕਰਕੇ ਇਸ ਇਲਾਕੇ ਲਈ ਖਤਰਾ ਪੈਦਾ ਹੋ ਗਿਆ ਸੀ ਜਿਸ ਕਰਕੇ ਫੌਜ਼ ਦੀ ਇਕ ਪੂਰੀ ਬ੍ਰਿਗੇਡ ਭੇਜਣ ਦੀ ਤਿਆਰੀ ਸੀ ਅਤੇ ਇਸ ਵਾਸਤੇ ਇਕ ਖਾਸ ਪੁਆਇੰਟ ਦੀ ਤਲਾਸ਼ ਸੀ! ਇਸ ਗਲ ਨੂ ਮੁਖ ਰਖਦੇ ਤੋਪ ਖਾਨੇ ਅਤੇ ਇਸ ਦੀ ਫਾਇਰਿੰਗ ਗ੍ਰਾਉੰਡ ਦੀ ਵੀ ਸਿਫਾਰਿਸ਼ ਕੀਤੀ ਗਈ ਸੀ ! ਇਸ ਲੋੜ ਨੂ ਪੂਰੀ ਕਰਨ ਲਈ ਬੰਗਾਲ ਇੰਜੀਨੀਅਰਿੰਗ ਦੀ ਇਕ ਕਮਪਨੀ ਨੂ ਭੇਜਿਆ ਗਿਆ ਜਿਸ ਵਿਚ ਜਿਆਦਾਤਰ ਫੌਜੀ ਜਵਾਨ ਸਿਖ ਸੀ ਜਿਹਨਾ ਦੀ ਮਦਦ ਨਾਲ ਕੰਮ ਵਿਚ ਹੋਰ ਤੇਜ਼ੀ ਆ ਗਈ ! ਇਹਨਾ ਨੂ ਇਸਦੇ ਨਾਲ ਹੀ ਇਕ ਹੋਰ ਜਿਮੇਵਾਰੀ ਵੀ ਦਿੱਤੀ ਗਈ ਸੀ ਕਿ ਇਹ ਛੇਤੀ ਹੀ ਇਕ ਹਵਾਈ ਪੱਟੀ ਅਤੇ ਹੇਲੀਪੇਡ ਤਿਆਰ ਕਰਨ ਅਤੇ ਸੜਕਾਂ ਅਤੇ ਰਸਤੇ ਵੀ ਕੁਝ ਖਾਸ ਇਲਾਕਿਆਂ ਵਿਚ ਜਾਣ ਲਈ ਤਿਆਰ ਕੀਤੇ ਜਾਣ ! ਇਸ ਇਲਾਕੇ ਦਾ ਨਾਮ ਵੀ "ਗੁਰੂ ਨਾਨਕ ਤਪੋ-ਸਥਾਨ" ਰਖਿਆ ਗਿਆ ਅਤੇ ਇਹ ਇਕ ਮਹਾਨ ਤੀਰਥ ਬਣ ਗਿਆ ਨਾ ਕਿ ਸਿਰਫ ਲੋਕਲ ਲੋਕਾਂ ਲਈ ਪਰ ਓਹਨਾ ਬਾਹਰਲੇ ਲੋਕਾਂ ਲਈ ਵੀ ਜੋ ਇਸ ਇਲਾਕੇ ਦੀ ਕੁਝ ਯਾਦਾਂ ਆਪਣੇ ਨਾਲ ਲੈ ਕੇ ਆਪਣੇ ਘਰਾਂ ਨੂ ਵਾਪਸ ਜਾਣਾ ਚਾਹੁੰਦੇ ਸੀ !
੨੪ ਮਾਰਚ (੧੯੮੭) ਦਾ ਦਿਨ ਲਾਗੇ ਹੀ ਸੀ ਜਦੋਂ ਇਸ ਇਲਾਕੇ ਵਿਚ ਵਡੇ ਪਧਰ ਤੇ ਇਹ ਦਿਨ ਮਨਾਇਆ ਜਾਣਾ ਸੀ ਜਿਵੇਂ ਸਾਨੂ ਲਾਮਾ ਨੇ ਦਸਿਆ ਸੀ ਕਿ ਇਸ ਦਿਨ ਗਰੂ ਨਾਨਕ ਜੀ ਇਥੇ ਆਏ ਸੀ ! ਅਸੀਂ ਆਓਣ ਵਾਲੇ ਲੋਕਾਂ (ਸੰਗਤਾਂ) ਲਈ ਸਬਦ ਕੀਰਤਨ ਅਤੇ ਲੰਗਰ-ਪਾਣੀ ਦਾ ਇੰਤਜ਼ਾਮ ਕੀਤਾ ! ਓਦੋਂ ਤਕ ਇਥੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੋ ਚੁਕਿਆ ਸੀ ਜੋ ਕਿ ਮੈਂ ਤਿਨਸੁਕਿਆ - ਅਸਾਮ ਤੋ ਲੈ ਆਇਆ ਸੀ ! ਪਹਿਲੋਂ ਮੈਂ ਹੀ ਰੋਜ਼ਾਨਾ ਪ੍ਰਕਾਸ਼ ਅਤੇ ਪਾਠ ਕਰਦਾ ਸੀ ਪਰ ਬਾਦ ਵਿਚ ਇਹ ਸੇਵਾ ਇੰਜੀਨੀਆਰਿੰਗ ਕੰਪਨੀ ਦੇ ਇਕ ਸਿਪਾਹੀ ਨੇ ਸਾਂਭ ਲਈ !
ਇੰਜੀਨੀਅਰਿੰਗ ਕੰਪਨੀ ਦੇ ਸਿਖ ਫੌਜੀਆਂ ਨੂ ਬੜਾ ਚਾਅ ਸੀ ਕਿ ਆਓਂਦੀ ਵਿਸਾਖੀ ਓਹ ਇਥੇ ਹੀ ਮਨਾਓਣ, ਇਸ ਵਾਸਤੇ ਅਸੀਂ ਵਿਸਾਖੀ ਇਥੇ ਹੀ ਮਨਾਈ ! ਵਾਹਿਗੁਰੂ ਜੀ ਦੀ ਮਿਹਰ ਸਦਕਾ ਅਸੀਂ ਇਥੇ ਅਖੰਡ ਪਾਠ ਵੀ ਸੰਪੂਰਨ ਕਰ ਸਕੇ (ਅਖੰਡ ਪਾਠ - ਇਸਦਾ ਮਤਲਬ ਹੈ ਕਿ ਬਿਨਾ ਰੁਕੇ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੀਬਨ ੪੮ ਘੰਟਿਆਂ ਤਕ ਕਰੀ ਜਾਣਾ ) !
ਖੋਜੀ ਸੁਭਾ ਦਾ ਹੋਣ ਕਰਕੇ, ਮੈਂ ਗੁਰੂ ਨਾਨਕ ਦੇਵ ਜੀ ਦੇ ਹਿਮਾਲਯ ਪਰਬਤ ਤੇ ਓਹਨਾ ਦੀ ਉਦਾਸੀ ਬਾਰੇ ਪੂਰੀ ਖੋਜ ਕੀਤੀ ਅਤੇ ਓਹਨਾ ਦੇ ਲਾਮਾ ਲੋਕਾਂ ਨਾਲ ਮਿਲਣ ਵਰਤਨ ਦੀ ਚੰਗੀ ਪੜਤਾਲ ਕੀਤੀ ! ਇਹ ਸਾਰੀ ਖੋਜ ਪੜਤਾਲ ਮੇਰੀ ਇਹਨਾ ਤਿਨ ਕਿਤਾਬਾਂ ਵਿਚ ਛਪ ਚੁਕੀਆਂ ਨੇ (੧)- (a) The Amazing Travels of Guru Nanak to Himalayan Region, (b) Guru Nanak’s travels to North East and (c) So Than Suhawa.
ਗੁਰੂ ਨਾਨਕ ਜੀ ਸਭ ਤੋ ਪਹਿਲਾਂ ਲਾਮਾ ਲੋਕਾਂ ਨਾਲ ਹਿਮਾਚਲ ਦੇ ਰਵਾਲਸਰ ਇਲਾਕੇ ਵਿਚ ਮਿਲੇ ਸੀ ਜੋ ਲਾਮਾ ਲੋਕਾਂ ਦਾ ਅਜ ਵੀ ਇਕ ਪੂਜਨੀਕ ਸਥਾਨ ਹੈ !
ਗੁਰੂ ਨਾਨਕ ਜੀ ਦਾ ਮੁਢਲਾ ਅਸਰ ਸੁਮੇਰ ਪਰਬਤ ਤੇ ਹੀ ਪੈ ਗਿਆ ਸੀ ਜਦੋਂ ਸਿਧਾਂ ਨਾਲ ਓਹਨਾ ਦੀ ਧਾਰਮਿਕ ਚਰਚਾ ਹੋਈ ਜਿਸ ਵਿਚ ਗੁਰੂ ਨਾਨਕ ਜੀ ਨੇ ਨਾ ਸਿਰਫ ਸਿਧਾਂ ਨੂ ਪਰ ਓਥੇ ਹਾਜ਼ਿਰ ਹਰ ਇਕ ਬੰਦੇ ਤੇ ਬੜਾ ਡੂੰਗਾ ਅਸਰ ਕੀਤਾ ! ਇਹਨਾ ਲੋਕਾਂ ਵਿਚ ਜਿਆਦਾਤਰ ਓਸ ਇਲਾਕੇ ਦੇ ਮੂਲ ਨਿਵਾਸੀ ਤਿੱਬਤੀ ਸੀ ! ਓਹਨਾ ਵਿਚ ਤਿੱਬਤ ਦਾ ਰਾਜਾ 'ਤਰਾਸੁਇੰਗ ਦੇਓਚੁੰਗ' ਜੋ ਕਿ ਕਰਮਾਪਾ ਮਠ ਦਾ ਲਾਮਾ ਵੀ ਸੀ ! ਓਹ ਗੁਰੂ ਨਾਨਕ ਜੀ ਦਾ ਇਕ ਚੇਲਾ ਬਣ ਗਿਆ ਸੀ ਅਤੇ ਓਸਨੇ ਗੁਰੂ ਨਾਨਕ ਜੀ ਨੂ ਤਿੱਬਤ ਆਓਣ ਦਾ ਸੱਦਾ ਵੀ ਦਿੱਤਾ, ਜਿਸ ਨੂ ਗੁਰੂ ਨਾਨਕ ਜੀ ਨੇ ਖਿੜੇ ਮਥੇ ਪ੍ਰਵਾਨ ਕੀਤਾ !
ਗੁਰੂ ਨਾਨਕ ਦੇਵ ਜੀ ਨੇ ਨੇਪਾਲ ਹੁੰਦੇ ਹੋਏ ਤਿੱਬਤ ਦਾ ਰਾਹ ਚੁਣਿਆ ! ਓਹ ਮਾਨਸਰੋਵਰ ਤੋ ਕਾਲੀ ਨਦੀ ਦੇ ਨਾਲ ਨਾਲ ਹੁੰਦੇ ਵਾਪਸ ਆਏ ਜੋ ਕਿ ਨੇਪਾਲ ਦੀ ਪਛਮੀ ਹੱਦ ਦੇ ਨਾਲ ਵਗਦੀ ਹੈ ! ਇਸ ਤੋ ਬਾਅਦ ਗੁਰੂ ਜੀ ਤਰਾਈ ਦੇ ਰਸਤੇ ਨੇਪਾਲ ਵਿਚ ਛਤਰਾ ਤੋ ਦਾਖਿਲ ਹੋਏ ! ਗੁਰੂ ਨਾਨਕ ਜੀ ਢੋਮਰੀ ਦੇ ਕਿਲੇ, ਸ਼ਿਵਪੁਰ, ਅਤੇ ਬ੍ਰਹਮਕੁੰਡ ਗਏ ਜਿਥੇ ਓਹ ਇਕ ਤਿਓਹਾਰ ਵਿਚ ਵੀ ਸ਼ਾਮਿਲ ਹੋਏ ਅਤੇ ਹਾਜ਼ਿਰ ਲੋਕਾਂ ਨੂ ਧਰਮ ਦਾ ਰਸਤਾ ਵਿਖਾਇਆ ! ਫਿਰ ਬ੍ਰਹਮਕੁੰਡ ਤੋ ਚਲ ਕੇ ਗੁਰੂ ਨਾਨਕ ਜੀ ਲਖਨਪੁਰ ਪੁਜੇ ਅਤੇ ਪਾਲਟੀ ਝੀਲ ਤੇ ਵੀ ਗਏ, ਓਥੋਂ ਦੀ ਹਵਾਲ ਖਾਨਚੀ ਹੁੰਦੇ ਹੋਏ ਕ੍ਰਿਸ਼ਨ ਤਾਲ ਦੇ ਇਲਾਕੇ ਵਿਚ ਪੁਜੇ ਅਤੇ ਸਤਿ ਨਾਮ ਦਾ ਉਪਦੇਸ ਦਿੱਤਾ ! ਫਿਰ ਕ੍ਰਿਸ਼ਨ ਤਾਲ ਤੋ ਚਲ ਕੇ ਧੌਲਾਗਿਰੀ ਹੁੰਦੇ ਹੋਏ ਬੇਲਾ ਗੜ, ਅਤੇ ਫਿਰ ਕਾਠਮਾਂਡੂ ਅਤੇ ਭਕਤਪੁਰ ਪੁਜੇ ਜੋ ਕਿ ਦੋਵੇਂ ਹੀ ਰਾਜਾ ਮਲਾ ਦੀ ਜੁੜਵਾਂ ਰਾਜਧਾਨਿਆਂ ਸੀ !
ਡੋਲਘਾਟ ਤੋ ਹੁੰਦੇ ਹੋਏ ਗੁਰੂ ਨਾਨਕ ਜੀ ਚਿਯਾਉਬਾ, ਸੁਰਕਾ, ਕਿਰਤਾਂਤੀ, ਛਾਪ, ਨਾਮਬੋ, ਕਾਬਰਾ, ਜਰਸਾਖੋਲਾ ਅਤੇ ਸਿਰੀਖੋਲਾ ਘਾਟੀ, ਕੀਰੀ ਅਤੇ ਬਤਾਸ਼ਾ ਡਾਂਡਾ, ਸ਼ਿਵਾਲੀਆ ਤੋ ਥੋਡੂੰਗਲਾ ਦੀ ਝੋਡੂੰਗ ਮਠ ਹੁੰਦੇ ਹੋਏ ਭਂਡੇਰ ਪੁਜੇ ! ਇਥੋਂ ਓਹਨਾ ਲਾਮਜੁਰਾਲਾ, ਦਰਾਡੋਬੁਕ ਅਤੇ ਜੂਨਬੇਸੀ ਦੇ ਸ਼ੇਰਪਾਵਾਂ ਦੇ ਪਿੰਡਾਂ ਵਿਚੋਂ ਹੁੰਦੇ ਹੋਏ ਚਿਵਾੰਗ ਮਠ ਪੁਜੇ ! ਹੁਣ ਜੁਸੇਬੀ ਤੋ ਗੁਰੂ ਨਾਨਕ ਜੀ ਫ਼ਲਾਲੀ ਹੁੰਦੇ ਹੋਏ ਜੁਬਿੰਗ ਪੁਜੇ ਜਿਥੋਂ ਓਹ ਖਰੇਲਾ, ਫਾਕਡਿੰਗ ਹੁੰਦੇ ਹੋਏ ਨਾਮ੍ਚੇ ਬਜ਼ਾਰ ਪੁਜੇ, ਇਥੋ ਗੁਰੂ ਜੀ ਅਗੇ ਖ਼ੁਮਜਿੰਗ ਮਠ ਅਤੇ ਥ੍ਯਾੰਗਬੋਸ਼ੇ (੩੮੬੭ ਮੀਟਰ) ਜੋ ਕਿ ਅੰਮ੍ਬਾ ਡਾਬਲਾਮ ਦੀ ਪਹਾੜੀਆਂ ਵਿਚ (੬੮੫੬ ਮੀਟਰ) ਹੈ), ਇਥੋਂ ਗੁਰੂ ਨਾਨਕ ਦੇਵ ਜੀ ਥ੍ਯਾੰਗ ਬੋਸ਼ੇ ਮਠ ਗਏ ਜੋ ਕਿ ਤਿੱਬਤੀ ਲਾਮਾ ਦਾ ਇਕ ਬੜਾ ਮਸ਼ਹੂਰ ਮਠ ਹੈ, ਇਥੇ ਗੁਰੂ ਨਾਨਕ ਦੇਵ ਜੀ ਦੀ ਇਕ ਮੂਰਤ ਅਤੇ ਹਥ ਲਿਖਤ ਵੀ ਓਹਨਾ ਸਾਂਭੀ ਹੋਈ ਹੈ ! ਥ੍ਯਾੰਗ ਬੋਸ਼ੇ -ਇਹ ਮਠ ਏਵਰੇਸਟ ਪਹਾੜ ਦੇ ਕੋਲ ਖੁਮ੍ਬੂ ਹਿਮਾਲਯ ਵਿਚ ਕੁਦਰਤੀ ਖੂਬ ਸੁਰਤੀ ਨਾਲ ਭਰਿਆ ਹੋਇਆ ਹੈ ਜਿਸ ਨੂ ਬੰਦਾ ਵੇਖਦਾ ਹੀ ਰਹਿ ਜਾਂਦਾ ਹੈ ! ਇਸ ਥ੍ਯਾੰਗ ਬੋਸ਼ੇ ਮਠ ਦਾ ਵੱਡਾ ਲਾਮਾ ਸ਼ੇਰਪਾ ਲੋਕਾਂ ਦੇ ਵੱਡੇ ਪੁਜ੍ਨਜੋਗ ਵਡੇਰਿਆਂ ਦਾ ਹੀ ਨਵਾਂ ਜਨਮ ਕਿਹਾ ਜਾਂਦਾ ਹੈ ! ਗੁਰੂ ਨਾਨਕ ਜੀ ਨੇ ਇਸ ਮਠ ਦੇ ਪ੍ਰਮੁਖ ਵੱਡੇ ਲਾਮਾ ਨਾਲ ਧਰਮ ਤੇ ਕਾਫੀ ਚਰਚਾ ਕੀਤੀ !
ਇਹ ਲਾਮਾ ਗੁਰੂ ਨਾਨਕ ਦੇਵ ਜੀ ਦੀ ਗੱਲਾਂ ਤੋ ਬਹੁਤ ਹੀ ਪ੍ਰਭਾਵਿਤ ਅਤੇ ਖੁਸ਼ ਹੋਏ, ਓਹਨਾ ਦੇ ਚੇਲੇ ਵੀ ਬਣੇ ! ਮੇਜਰ ਐਚ ਐਸ ਕੋਹਲੀ, ਜੋ ਕਿ ਏਵਰੇਸਟ ਫਤਿਹ ਕਰਨ ਗਿਆ ਸੀ, ਦਸਦਾ ਹੈ ਕਿ ਉਸਨੇ ਇਕ ਵੱਡੀ ਮੂਰਤ ਅਤੇ ਗੁਰੂ ਜੀ ਦੀ ਹਥ ਲਿਖਤ ਦੇ ਦਰਸ਼ਨ ਵੀ ਥ੍ਯਾੰਗ ਬੋਸ਼ੇ ਮਠ ਵਿਚ ਕੀਤੇ ਸੀ ! ਓਹ ਲਿਖਦਾ ਹੈ ਕਿ, "ਮਠ ਦੀ ਅਲਮਾਰੀਆਂ ਵਿਚ ਬਹੁਤ ਹੀ ਹਥ ਲਿਖਤਾਂ ਪਈਆਂ ਨੇ ! ਓਥੇ ਪੁਰਾਣੇ ਲਾਮਾ (ਜੋ ਸ਼ਰੀਰ ਛੱਡ ਚੁਕੇ ਨੇ) ਦੀ ਮੂਰਤਾਂ ਵੀ ਸਨ ! ਇਹਨਾ ਵਿਚੋਂ ਇਕ ਮੂਰਤ ਗੁਰੂ ਨਾਨਕ ਦੇਵ ਜੀ ਦੀ ਵੀ ਸੀ, ਇਹ ਤਿੱਬਤੀ ਗੁਰੂ ਨਾਨਕ ਦੇਵ ਜੀ ਨੂ - ਗੁਰੂ ਰਿਮਪੋਚੇ ਆਖਦੇ ਨੇ" ! ਮਠ ਦੇ ਵੱਡੇ ਸਤਿਕਾਰ ਜੋਗ ਲਾਮਾ ਨੇ ਓਹਨਾ ਨੂ ਦਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਆਪਣੀ ਹਥ ਲਿਖਤਾਂ ਵਿਚੋਂ ਕੁਝ ਓਹਨਾ ਦੇ ਆਪਣੇ ਆਪ ਕੋਲ ਸੁਰਖਿਅਤ ਨੇ !
ਚੋਰਟੇਨ ਨ੍ਯਾਈਮਾ-ਲਾ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਤਿੱਬਤ ਤੋ ਸਿੱਕਿਮ ਆਏ ; ਇਸ ਚੋਰਟੇਨ ਨ੍ਯਿਮਾ - ਲਾ ਦੇ ਲਾਗੇ ਸ਼ਾਗੇ ੧੦੮ ਛੋਟੀਆਂ - ਛੋਟੀਆਂ ਪਾਣੀ ਦੀਆਂ ਝੀਲਾਂ ਹਨ ਜੋ ਗੁਰੂ ਜੀ ਦੇ ਇਸ ਇਲਾਕੇ ਵਿਚ ਆਓਣ ਦੀ ਗਵਾਹੀਆਂ ਦਿੰਦੀਆਂ ਨੇ ! ਇਸ ਇਲਾਕੇ ਦੀ ਕੁਦਰਤੀ ਖੂਬਸੁਰਤੀ ਨੂ ਵੇਖ ਕੇ ਗੁਰੂ ਨਾਨਕ ਜੀ ਖੁਸ਼ੀ ਵਿਚ ਆ ਗਏ ਅਤੇ ਓਹਨਾ ਆਪਣੀ ਮਾਲਾ ਤੋੜ ਦਿੱਤੀ ! ਮਾਲਾ ਦੇ ਇਹ ੧੦੮ ਮਣਕੇ ਲਾਗੇ ਸ਼ਾਗੇ ਖਿਲਰ ਗਏ ਅਤੇ ਪਾਣੀ ਦੀਆਂ ਛੋਟੀਆਂ ਛੋਟੀਆਂ ਝੀਲਾਂ ਵਿਚ ਬਦਲ ਗਏ ! ਇਸ ਨਾਲ ਇਲਾਕੇ ਦੀ ਖੂਬ ਸੁਰਤੀ ਹੋਰ ਵੀ ਵਧ ਗਈ !
ਚੋਰਟੇਨ ਨਯਿਮਾ - ਲਾ ਦਰ੍ਰੇ ਨੂ ਪਾਰ ਕਰਕੇ ਗੁਰੂ ਨਾਨਕ ਦੇਵ ਜੀ ਡੋਲ੍ਮਾ ਸਾਮਪਾ ਪੁਜੇ ਅਤੇ ਮੁਗੁਥਾੰਗ ਹੁੰਦੇ ਹੋਏ ਟੋੰਗਪੇਨ ਆਏ ! ਗੁਰੂ ਜੀ ਕੇਦਾੰਗ,ਬੇੰਡੂ, ਸ਼ੇਰਾੰਗ, ਲਯਿੰਗਕਾ,ਅਤੇ ਹੋਰ ਬਹੁਤੇਰੇ ਪਿੰਡਾਂ ਅਤੇ ਘਰਾਂ ਵਿਚ ਗਏ ਜੋ ਕਿ ਨ੍ਯੀਨਗ੍ਮਾਪਾ ਕਰਮਾਪਾ ਤਿੱਬਤ ਦੇ ਮਨਣ ਵਾਲੀਆਂ ਨੇ ਬਣਾ ਲਏ ਸੀ !
ਮੁਗੁਥਾੰਗ ਘਾਟੀ ਵਿਚ ਇਕ ਪਾਣੀ ਦੀ ਝੀਲ ਹੈ, ਓਥੋਂ ਦੇ ਸਿਆਣਿਆਂ ਦੇ ਕਹਿਣ ਮੁਤਾਬਿਕ ਉਸ ਝੀਲ ਵਿਚ ਇਕ ਰਾਕਸ਼ ਰਹਿੰਦਾ ਸੀ ਜੋ ਕਿ ਓਥੇ ਆਓਣ ਵਾਲੇ ਬੰਦਿਆਂ ਨੂ ਮਾਰ ਕੇ ਓਹਨਾ ਦਾ ਮਾਸ ਖਾ ਜਾਂਦਾ ਸੀ ! ਓਥੋਂ ਦੇ ਲੋਕਾਂ ਨੇ ਗੁਰੂ ਨਾਨਕ ਜੀ ਅਗੇ ਜੋਦੜੀ (ਅਰਜੋਈ) ਕੀਤੀ ਅਤੇ ਉਸ ਰਾਕਸ਼ ਤੋ ਛੁਟਕਾਰਾ ਮੰਗਿਆ ! ਗੁਰੂ ਨਾਨਕ ਜੀ ਨੇ ਪਾਣੀ ਵਿਚੋਂ ਇਕ ਵੱਡਾ ਪਥਰ ਲਿਆ ਅਤੇ ਜੋਰ ਦੀ ਉਸਨੁ ਪਾਣੀ ਦੀ ਉਸ ਝੀਲ ਵੱਲ ਸੁੱਟ ਦਿੱਤਾ ! ਖਤਰਾ ਮ੍ਸੁਸ ਕਰਦਿਆਂ ਓਹ ਰਾਕਸ਼ ( ਬੰਦਾ ਅਤੇ ਜਨਾਨੀ) ਝੀਲ ਵਿਚੋਂ ਬਾਹਰ ਆਏ ਅਤੇ ਗੁਰੂ ਜੀ ਤੋਂ ਮਾਫ਼ੀ ਮੰਗੀ ! ਗੁਰੂ ਨਾਨਕ ਜੀ ਨੇ ਓਹਨਾ ਨੂ ਮਾਫ਼ ਕਰ ਦਿੱਤਾ ਅਤੇ ਉਸ ਵੱਡੇ ਪਥਰ ਨੂ ਰੱਸੇ ਨਾਲ ਰੋਕ ਲਿਆ, ਓਹੀ ਪਥਰ ਜਿਸ ਤੇ ਰੱਸੇ ਅਤੇ ਪਾਣੀ ਦੇ ਨਿਸ਼ਾਨ ਅਜੇ ਵੀ ਬਣੇ ਹੋਏ ਨੇ, ਓਸ ਝੀਲ ਦੇ ਪਾਣੀ ਤੋ ਉਪਰ ਹੈ ਅਤੇ ਸਾਫ਼ ਵੇਖਿਆ ਜਾ ਸਕਦਾ ਹੈ ! ਇਹਨਾ ਦੋਵੇਂ ਰਾਕਸ਼ਾਂ ਨੂ ਇਨਸਾਨੀ ਮਾਸ ਖਾਣ ਤੋ ਵਰ੍ਜ਼ ਦਿੱਤਾ ਗਿਆ ਸੀ ਅਤੇ ਸਤਿ ਨਾਮ ਦਾ ਉਪਦੇਸ ਗੁਰੂ ਜੀ ਨੇ ਓਹਨਾ ਨੂ ਦਿੱਤਾ ! ਓਦੋਂ ਤੋਂ ਹਰ ਸਾਲ ਓਸ ਝੀਲ ਤੇ ਗੁਰੂ ਜੀ ਦੀ ਯਾਦ ਵਿਚ ਇਕ ਤਿਓਹਾਰ (ਜੋੜ ਮੇਲਾ) ਮਨਾਇਆ ਜਾਂਦਾ ਹੈ ! ਕੇਦਾੰਗ ਪੂਜਣ ਤੇ ਗੁਰੂ ਜੀ ਓਥੇ ਦੀ ਖੂਬਸੁਰਤੀ ਵੇਖ ਕੇ ਖੁਸ਼ ਹੋ ਗਏ ਅਤੇ ਆਪਣੀ ਖੁਸ਼ੀ ਵਿਚ ਓਹਨਾ ਇਸ ਘਾਟੀ ਨੂ ਹਮੇਸ਼ਾ ਹਰੀ ਭਰੀ ਰਹਿਣ ਲਈ ਆਪਣੀ ਅਸੀਸ ਦਿੱਤੀ ਅਤੇ ਇਸ ਦਾ ਨਾਓਂ "ਕਿ ਦੰਗ" ਜਿਹੜੀ ਮਨ ਨੂ ਮੋਹ ਲਵੇ - ਰਖਿਆ !
ਮੁਗੁਥਾੰਗ ਤੋ ਗੁਰੂ ਨਾਨਕ ਦੇਵ ਜੀ ਲਾਵਉ ਗੋਮ੍ਫਾ ਮਠ ਵਿਚ ਆਏ ਜਿਥੋਂ ਅਗੇ ਓਹ ਗੁਰੂਡੋੰਗਮਾਰ (ਗੁਰੂ ਡਾਂਗ ਮਾਰ ) ਵੱਲ ਚਲੇ ਗਏ ! ਗੁਰੂ ਡੋੰਗ ਮਾਰ ਦੀ ਪਾਣੀ ਦੀ ਝੀਲ ਦੇ ਇਲਾਕੇ ਵਿਚ ਭੇਡੁ ਚਰਾਓਂਦੇ ਚਰਵਾਹੀਆਂ ਨੇ ਗੁਰੂ ਜੀ ਅਗੇ ਆਪਣੀ ਸਮਸਿਆ ਨੂ ਦੂਰ ਕਰਨ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਇਹ ਝੀਲ ਸਿਆਲ ਰੁਤ ਵਿਚ ਠੰਡ ਨਾਲ ਜੰਮ ਜਾਂਦੀ ਹੈ ਅਤੇ ਓਹਨਾ ਨੂ ਪੀਣ ਦਾ ਪਾਣੀ ਨਹੀ ਮਿਲਦਾ ! ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਖੁੰਟੀ (ਸੋਟੀ) ਨੂ ਪਾਣੀ ਉਤੇ ਮਾਰਿਆ ਜਿਸ ਨਾਲ ਚਿੱਟੇ ਦੁਧ ਵਰਗਾ ਪਾਣੀ ਵਗਣਾ ਸ਼ੁਰੂ ਹੋ ਗਿਆ !
Lake view—GuruDongmar

ਓਦੋਂ ਤੋ ਅਜ ਤਕ ਪਾਣੀ ਦੀ ਇਹ ਝੀਲ ਨਹੀਂ ਜੰਮੀ ਹੈ ਜਦਕਿ ਸਿਆਲਾਂ ਵਿਚ (ਦਿਸੰਬਰ ਅਤੇ ਜਨਵਰੀ) ਇਥੋਂ ਦਾ ਤਾਪਮਾਨ -੩੦ ਡਿਗਰੀ ਪੂਜ ਜਾਂਦਾ ਹੈ ਅਤੇ ਇਸ ਝੀਲ ਦੀ ਸਮੰਦਰ ਤੋ ਉਚਾਈ ੧੭,੫੦੦ ਫੁੱਟ ਹੈ ! ਇਸ ਝੀਲ ਅਤੇ ਆਲ ਦੁਆਲੇ ਦੀ ਪਹਾੜੀ ਨੂ ਡੋੰਗ੍ਮਾਰ (ਡਾਂਗ ਮਾਰ) ਕਹਿ ਕੇ ਬੁਲਾਇਆ ਜਾਂਦਾ ਹੈ ਕਿਓਂਕਿ ਗੁਰੂ ਨਾਨਕ ਦੇਵ ਜੀ ਆਪਣੀ ਡਾਂਗ ਯਾ ਸੋਟੀ ਯਾ ਖੁੰਟੀ ਇਥੇ ਪਾਣੀ ਤੇ ਮਾਰੀ ਸੀ ! ਕਰਨਲ ਗਰੇਵਾਲ, ਜਿਹਨਾ ਨੇ ਇਹਨਾ ਸਭ ਥਾਵਾਂ ਦੇ ਆਪ ਦਰਸ਼ਨ ਕੀਤੇ ਨੇ ਅਤੇ ਇਹ ਲੇਖ ਸੰਗਤਾਂ ਦੀ ਜਾਣਕਾਰੀ ਲਈ ਲਿਖਿਆ ਹੈ, ਨੇ ੧੦੦ ਸਾਲ ਤੋ ਵਧ ਪੁਰਾਣੇ ਇਕ ਨਕਸ਼ੇ ਵਿਚ ਵੀ ਇਸ ਝੀਲ ਅਤੇ ਇਲਾਕੇ ਦਾ ਨਾਮ ਡੋੰਗਮਾਰ ਹੀ ਲਿਖਿਆ ਵੇਖਿਆ ਹੈ ! ਓਹਨਾ ਨੇ ਦਿਸੰਬਰ - ਜਨਵਰੀ ਵਿਚ ਇਥੇ ਪੁੱਜ ਕੇ ਆਪ ਵੇਖਿਆ ਕਿ ਬਰਫ਼ ੧੦ ਫੁੱਟ ਤਕ ਸੀ ਅਤੇ ਤਾਪਮਾਨ -੩੦ ਡਿਗਰੀ ਪਰ ਫਿਰ ਵੀ ਪਾਣੀ ਨਹੀਂ ਸੀ ਜੰਮੀਆ !

Sikh pilgrims at GuruDongmar lake
—————————————————————————————————————————————————-
ਕਬਿ ਕਲ ਸੁਜਸ ਗਾਵਹੁ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ !! ਅੰਗ ੧੩੮੯
ਜਿਵੇਂ ਗੁਰੂ ਸਾਹਿਬ ਜੀ ਦੀ ਸਤੁਤੀ ਕਰਦਿਆਂ ਭੱਟ ਕਵੀ ਕਲ ਨੇ ਕਿਹਾ ਹੈ ਕੀ ਹਿੰਦੁਸਤਾਨ ਦੇ ਲੋਕੀ ਉਸਨੁ ਗੁਰੂ ਨਾਨਕ ਕਹਿੰਦੇ ਨੇ, ਤਿੱਬਤੀ ਉਸ ਨੂ 'ਲਾਮਾ' ਕਹਿੰਦੇ ਨੇ, ਉਸਦੇ ਮਨਣ ਵਾਲੇ ਦੂਜੇ ਮੁਲਕਾਂ ਦੇ ਵਾਸੀ ਉਸਨੁ ਪਿਆਰ ਅਤੇ ਸਤਿਕਾਰ ਦਿੰਦੇ ਹੋਏ ਆਪਣਾ ਸੰਤ ਯਾ ਪੀਰ ਕਹਿੰਦੇ ਨੇ ਪਰ ਸਭ ਨੇ ਹੀ ਗੁਰੂ ਨਾਨਕ ਨੂ ਆਪਣੇ ਪੀਰਾਂ ਯਾ ਪੈਗ੍ਮ੍ਬਰਾਂ ਯਾ ਸੰਤਾ ਦੇ ਤੁੱਲ ਜਾਣਿਆ ਹੈ ! ਇਸੇ ਵਾਸਤੇ ਸ੍ਰੀ ਲੰਕਾ ਵਿਚ ਓਹ 'ਨਾਨਕ ਬੁਧ' ਹੈ, ਨਾਨਕ ਪੀਰ ਹੈ, ਪੀਰ ਬਾਬਾ ਨਾਨਕ ਹੈ, ਯਾ ਫਿਰ 'ਬਾਲ ਗੁੰਦਰੀ' ਵੀ ਹੈ ਯਾ ਕਿਤੇ ਓਹ 'ਪੀਰ-ਏ-ਹਿੰਦ ਹੈ' , ਅਤੇ ਜਿਸ ਨੂ ਅਰਬ ਮੁਲਕਾਂ ਵਿਚ ਹਜਰਤ-ਏ-ਮਜੀਦ ਬਾਬਾ ਨਾਨਕ ਫ਼ਕ਼ੀਰ ਔਲੀਆ ਵੀ ਕਿਹਾ ਜਾਂਦਾ ਹੈ !
ਰੂਸੀ ਅਤੇ ਅਫਗਾਨੀ ਇਲਾਕਿਆਂ ਵਿਚ ਉਸ ਨੂ ਸਤਿਕਾਰ ਨਾਲ 'ਵਲੀ ਹਿੰਦ ਬਾਬਾ ਨਾਨਕ' ਕਹਿੰਦੇ ਨੇ, ਚੀਨ, ਮੰਗੋਲੀਆ ਅਤੇ ਵਿਯਤਨਾਮ ਵਿਚ ਉਸਨੁ 'ਭੂਸਾ ਨਾਨਕ' ਕਿਹਾ ਜਾਂਦਾ ਹੈ, ਜਿਥੋਂ ਤਕ ਹਿਮਾਲਯ ਦੇ ਉੱਚੇ ਪਹਾੜਾਂ ਦੀ ਗਲ ਹੈ ਤਾਂ ਭੁਟਾਨ, ਨੇਪਾਲ, ਸਿਕਿਮ ਅਤੇ ਅਸਾਮ ਆਦਿਕ ਇਲਾਕਿਆਂ ਵਿਚ ਬੜੇ ਹੀ ਸਤਿਕਾਰ ਨਾਲ ਉਸਨੁ 'ਰਿਮ੍ਪੋਚੇ' ਯਾ 'ਰਿਮ੍ਪੋਜੀ' ਕਹਿ ਕੇ ਸਨਮਾਨਿਆ ਜਾਂਦਾ ਹੈ ! ਇਹ ਸਾਰੇ ਨਾਮ ਗੁਰੂ ਨਾਨਕ ਜੀ ਦੇ ਏਸਿਆ ਦੇ ਵਖਰੇ ਵਖਰੇ ਇਲਾਕਿਆਂ ਵਿਚ ਉਸਨੁ ਗੁਰੂ ਯਾ ਰੱਬ ਦੇ ਰੂਪ ਵਿਚ ਜਾਣਦੇ ਹੋਏ ਅਲਗ ਅਲਗ ਨਾਮ ਦਿੱਤੇ ਗਏ ਨੇ ਪਰ ਗੁਰੂ ਨਾਨਕ ਤੇ ਇਕੋ ਹੀ ਹੈ ਜੋ ਇਹਨਾ ਸਭ ਇਲਾਕਿਆਂ ਵਿਚ ਗਿਆ ਅਤੇ ਲੋਕਾਂ ਨੂ ਇਕ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ ਅਤੇ ਸੱਚੇ ਨਾਮ ਦਾ ਉਪਦੇਸ ਦਿੱਤਾ !
ਮੈਂ, ਅਜਮੇਰ ਸਿੰਘ ਰੰਧਾਵਾ, ਕਰਨਲ ਡੀ ਐੱਸ ਗਰੇਵਾਲ ਜੀ ਦੀ ਇਸ ਲਿਖਤ ਤੋਂ ਇਤਨਾ ਪ੍ਰਭਾਵਿਤ ਹੋਈਆ ਹਾਂ ਅਤੇ ਮੈਨੂ ਇੰਜ ਜਾਪਦਾ ਹੈ ਕਿ ਕਿ ਜਿਵੇਂ ਮੈਂ ਖੁਦ ਇਹਨਾ ਸਾਰੀ ਥਾਵਾਂ ਦੇ ਦਰਸਨ ਕਰ ਲਏ ਹੋਣ, ਓਹਨਾ ਦੀ ਲੇਖਣੀ ਦਾ ਇੰਨਾ ਡੂੰਗਾ ਅਸਰ ਮੇਰੇ ਤੇ ਪਿਆ ਕਿ ਮੈਂ ਓਹਨਾ ਦੇ ਇਸ ਮੂਲ ਅੰਗ੍ਰੇਜ਼ੀ ਲੇਖ ਨੂ ਇਕ ਬ੍ਲਾਗ ਬਣਾ ਕੇ ਹੋਰਨਾ ਸਰਧਾਵਾਨ ਅਤੇ ਗੁਰੂ ਨਾਨਕ ਜੀ ਦੀ ਨਾਮ ਲੇਵਾ ਸੰਗਤ ਲਈ ਉਤਾਰਾ ਕੀਤਾ ਕਿ ਲੋਕੀ ਇਹ ਜਾਣ ਸਕਣ ਕਿ ਮੇਰੇ ਸੱਚੇ ਪਾਤਸ਼ਾਹ ਜੀ ਨੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਇਹਨਾ ਦੁਰਗਮ ਪਹਾੜੀ ਇਲਾਕਿਆਂ ਵਿਚ ਪੈਦਲ ਟੁਰਦੇ ਹੋਏ ਲਦਾਖ, ਚੀਨ, ਨੇਪਾਲ, ਸਿਕਿਮ, ਭੂਟਾਨ, ਅਰੁਣਾਚਲ ਪਰਦੇਸ ਅਤੇ ਅਸਾਮ ਦੀ ਯਾਤਰਾ ਕੀਤੀ ਅਤੇ ਲੋਕਾਂ ਨੂ ਸੱਚੇ ਨਾਮ ਦਾ ਉਪਦੇਸ ਦਿੱਤਾ ਅਤੇ ਇਕ ਅਕਾਲ ਪੁਰਖ ਨਾਲ ਜੋੜਿਆ ਜਦਕਿ ਇਹਨਾ ਰਸਤਿਆਂ ਤੇ ਜਾਣ ਲਈ ਕੋਈ ਚੰਗੇ ਰਸਤੇ ਅਤੇ ਸਾਧਨ ਨਹੀ ਸੀ, ਨਾ ਹੀ ਕਿਧਰੇ ਨਦੀ ਪਾਰ ਕਰਨ ਲਈ ਪੁਲ ਹੁੰਦੇ ਸੀ ਅਤੇ ਨਾ ਹੀ ਰਾਤ ਕੱਟਣ ਲਈ ਧਰਮਸਾਲ ? ਫਿਰ ਵੀ ਧਨ ਗੁਰੂ ਨਾਨਕ ਜਿਸ ਨੇ ਪੈਦਲ ਟੂਰ ਕੇ ਵੀ ਲੋਕਾਂ ਨੂ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ, ਜਿਥੇ ਜਿਥੇ ਗੁਰੂ ਜੀ ਗਏ ਸੀ, ਅੱਜ ਵੀ ਜਾਣਾ ਸੌਖਾ ਨਹੀ! ਧਨ ਹੈਂ ਮੇਰੇ ਮਾਲਕਾ - ਹੇ ਗੁਰੂ ਨਾਨਕ ਦੇਵ ਜੀ--ਤੂ ਹੀ ਨਿਰੰਕਾਰ ਹੈਂ ! ਨਿਰੰਕਾਰ ਦੀ ਜੋਤ ਹੈਂ, ਨਿਰੰਕਾਰ ਦਾ ਰੂਪ ਹੈਂ ! ਆਪਣੇ ਚਰਨਾਂ ਵਿਚ ਦਾਸ ਦੀ ਹਾਜਰੀ ਕਬੂਲ ਕਰ ਮੇਰੇ ਮਾਲਕਾ ਅਤੇ ਸਚ ਦਾ ਰਾਹ ਵਿਖਾ !
ਨਾਨਕਿੰਗ - ਇਸ ਸ਼ਹਿਰ ਦਾ ਨਾਮ ਵੀ ਗੁਰੂ ਨਾਨਕ ਜੀ ਦੀ ਯਾਦ ਨਾਲ ਹੀ ਜੁੜਿਆ ਹੋਈਆ ਹੈ, ਜਰੂਰੀ ਨਹੀ ਕਿ ਗੁਰੂ ਨਾਨਕ ਜੀ ਨਾਨਕਿੰਗ ਗਏ ਵੀ ਹੋਣ, ਓਹਨਾ ਦੀ ਪਵਿਤਰ ਯਾਦ ਵਿਚ ਵੀ ਕਿਸੇ ਥਾਂ ਦਾ ਨਾਮ ਰਖਿਆ ਹੋਈਆ ਹੋ ਸਕਦਾ ਹੈ !
ਕਰਨਲ ਗਰੇਵਾਲ ਜੀ ਨੇ ਮੈਨੂ ਫੋਨ ਕਰ ਕੇ ਇਹ ਸੇਵਾ ਲਾਈ ਸੀ ਕਿ ਇਸ ਲੇਖ ਨੂ ਪੰਜਾਬੀ ਜੁਬਾਨ ਵਿਚ ਲਿਖ ਦੇਵਾਂ ਜਿਸ ਨਾਲ ਵਧ ਤੋਂ ਵਧ ਲੋਕ ਗੁਰੂ ਜੀ ਦੀ ਹਿਮਾਲੇ ਦੀ ਯਾਤਰਾ ਤੋਂ ਜਾਣੁ ਹੋ ਸਕਣ, ਬਹੁਤ ਘਟ ਲੋਕਾਂ ਨੂ ਹੀ ਇਹ ਪਤਾ ਹੈ ਕਿ ਕਿਨੇ ਤਿੱਬਤੀ ਗੁਰੂ ਨਾਨਕ ਜੀ ਨੂ ਮਨਦੇ ਨੇ ਅਤੇ ਓਹਨਾ ਦੀ ਪੂਜਾ ਕਰਦੇ ਨੇ ! ਜਿਥੋਂ ਤਕ ਮੈਂ ਸਮਝਦਾ ਹਾਂ ਕਿ ਇਹ ਸੇਵਾ ਮੈਥੋਂ ਖੁਦ ਗੁਰੂ ਨਾਨਕ ਜੀ ਨੇ ਹੀ ਲਈ ਹੈ, ਕਰਨਲ ਗਰੇਵਾਲ ਤੇ ਇਕ ਜ਼ਰਿਆ ਨੇ ਜਿਹਨਾ ਮੈਨੂ ਮੌਕਾ ਦਿੱਤਾ ! ਸੋ ਆਪ ਸਭ ਦਾ ਧਨਵਾਦੀ ਹਾਂ ਜਿਹਨਾ ਨੇ ਇਹ ਲੇਖ ਪੜਿਆ, ਜੇ ਕੋਈ ਗਲਤੀ ਰਹਿ ਗਈ ਹੋਵੇ ਤੇ ਖਿਮਾ ਕਰਨਾ ਅਤੇ ਸੁਚੇਤ ਕਰਨਾ ਜਿਸ ਨਾਲ ਗਲਤੀ ਸੁਧਾਰੀ ਜਾ ਸਕੇ !
ਸੰਗਤਾਂ ਦੇ ਚਰਨਾ ਦਾ ਦਾਸ
ਅਜਮੇਰ ਸਿੰਘ ਰੰਧਾਵਾ !
0091-9818610698.
ਸਤਿਗੁਰੁ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹਿਮਾਲੇ ਦੀ ਯਾਤਰਾ ਅਜੇ ਅਧੀ ਹੀ ਲਿਖੀ ਗਈ ਹੈ---ਬਾਕੀ ਦੀ ਦੂਜੇ ਬ੍ਲਾਗ ਵਿਚ ਲਿਖੀ ਹੈ, ਕਿਰਪਾ ਕਰਕੇ ਇਸ ਤੋਂ ਅਗੇ ਪੜਨ ਲਈ ਹੇਠਾਂ ਕਲਿਕ ਕਰੋ :- http://gurunanakinhimaalaya.blogspot.com/

-----------------------------------------------------------------------------------------
ਕਿਰਪਾ ਕਰ ਕੇ ਇਹ ਬਲਾੱਗ ਜਰੂਰ ਪੜੋ -------- ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਹਿਮਾਲੇ ਯਾਤਰਾ ਕਰਦੇ ਹੋਏ ਰਿਸ਼ੀ ਕਾਗ ਭੂਸ਼ੁੰਡ ਨੂ ਵੀ ਮਿਲੇ ਸੀ, ਤੇ ਇਸ ਰਿਸ਼ੀ ਦਾ ਸਥਾਨ ਵੀ ਹੇਮਕੁੰਟ ਸਾਹਿਬ ਜੀ ਦੇ ਕੋਲ ਹੀ ਹੈ, ਇਥੇ ਇਕ ਪਵਿਤਰ ਸਰੋਵਰ ਹੈ ਜਿਸ ਨੂ ਕਾਗ ਭੂਸ਼ੁੰਡ ਤਾਲ ਕਿਹਾ ਜਾਂਦਾ ਹੈ, ਵੇਖੋ ਬ੍ਲਾਗ 
--------------------------------------------------------------------
Please visit ;-
http://gurunanakinhimaalaya.blogspot.com/